ਪੰਜਾਬ ਕਿੰਗਜ਼ ਦੇ ਨਵੇਂ ਆਸਟਰੇਲਿਆਈ ਹਰਫਨਮੌਲਾ ਖਿਡਾਰੀ ਕੂਪਰ ਕੋਨੋਲੀ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਲੇਠੇ ਆਈ ਪੀ ਐੱਲ ਸੀਜ਼ਨ ਦੌਰਾਨ ਕਿਸੇ ਵੀ ਨੰਬਰ ’ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਆਪਣੀ ਹਮਲਾਵਰ ਬੱਲੇਬਾਜ਼ੀ ਅਤੇ ਖੱਬੇ ਹੱਥ ਦੀ ਸਪਿੰਨ ਗੇਂਦਬਾਜ਼ੀ ਲਈ ਜਾਣੇ ਜਾਂਦੇ ਕੋਨੋਲੀ ਨੂੰ ਪੰਜਾਬ ਕਿੰਗਜ਼ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਨਿਲਾਮੀ ਦੌਰਾਨ 3 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕੋਨੋਲੀ ਨੇ ਕਿਹਾ ਕਿ ਉਹ ਬੱਲੇਬਾਜ਼ੀ ਕ੍ਰਮ ਵਿੱਚ ਤੀਜੇ ਨੰਬਰ ਜਾਂ ਮੱਧ ਕ੍ਰਮ ਵਿੱਚ ਕਿਤੇ ਵੀ ਖੇਡਣ ਲਈ ਤਿਆਰ ਹੈ। 22 ਸਾਲਾ ਕੋਨੋਲੀ ਬਿਗ ਬੈਸ਼ ਲੀਗ ਵਿੱਚ ਪਰਥ ਸਕੌਰਚਰਜ਼ ਲਈ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਦੋ ਨੀਮ ਸੈਂਕੜੇ ਬਣਾ ਚੁੱਕਾ ਹੈ; ਹਾਲਾਂਕਿ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਮੁਤਾਬਕ ਟੀਮ ਉਸ ਨੂੰ ਮੈਚ ਫਿਨਿਸ਼ਰ ਵਜੋਂ ਦੇਖ ਰਹੀ ਹੈ। ਕੋਨੋਲੀ ਨੇ ਕਿਹਾ ਕਿ ਆਈ ਪੀ ਐੱਲ ਵਿਸ਼ਵ ਪੱਧਰੀ ਟੂਰਨਾਮੈਂਟ ਹੈ ਅਤੇ ਜੇ ਉਸ ਨੂੰ ਮੱਧ ਕ੍ਰਮ ਵਿੱਚ ਵੀ ਭੂਮਿਕਾ ਮਿਲਦੀ ਹੈ ਤਾਂ ਉਹ ਖੁਸ਼ੀ ਨਾਲ ਨਿਭਾਏਗਾ। ਉਹ ਪੰਜਾਬ ਕਿੰਗਜ਼ ਦੇ ਮੁੱਖ ਕੋਚ ਅਤੇ ਆਸਟਰੇਲੀਆ ਦੇ ਵਿਸ਼ਵ ਕੱਪ ਜੇਤੂ ਕਪਤਾਨ ਰਿਕੀ ਪੌਂਟਿੰਗ ਨਾਲ ਕੰਮ ਕਰਨ ਲਈ ਵੀ ਉਤਸ਼ਾਹਿਤ ਹੈ। ਉਸ ਨੇ ਕਿਹਾ ਕਿ ਉਹ ਪੌਂਟਿੰਗ ਤੋਂ ਗੁਰ ਸਿੱਖ ਕੇ ਆਪਣੀ ਬੱਲੇਬਾਜ਼ੀ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ।

