ਅਹਿਮਦਾਬਾਦ, 28 ਮਈ
ਭਾਰਤ ਦੇ ਇੱਕ ਰੋਜ਼ਾ ਵੰਨਗੀ ਦੇ ਸਾਬਕਾ ਮਾਹਿਰ ਅਤੇ ਚੇਨੱਈ ਸੁਪਰ ਕਿੰਗਜ਼ ਦੇ ਖਿਡਾਰੀ ਅੰਬਾਤੀ ਰਾਇਡੂ ਨੇ ਅੱਜ ਐਲਾਨ ਕੀਤਾ ਹੈ ਕਿ ਗੁਜਰਾਤ ਟਾਈਟਨਜ਼ ਖ਼ਿਲਾਫ਼ ਫਾਈਨਲ ਆਈਪੀਐੱਲ ਵਿੱਚ ਉਸ ਦਾ ਆਖ਼ਰੀ ਮੈਚ ਹੋਵੇਗਾ। ਇੰਗਲੈਂਡ ਵਿੱਚ ਵਿਸ਼ਵ ਕੱਪ 2019 ਲਈ ਨਾ ਚੁਣੇ ਜਾਣ ਕਾਰਨ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਰਾਇਡੂ ਨੇ ਕੁੱਝ ਸਾਲ ਪਹਿਲਾਂ ਘਰੇਲੂ ਕ੍ਰਿਕਟ ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਹਾਲਾਂਕਿ, ਉਸ ਨੇ ਬਾਅਦ ਵਿੱਚ ਇਹ ਫ਼ੈਸਲਾ ਵਾਪਸ ਲੈ ਲਿਆ ਸੀ। 38 ਸਾਲਾ ਹੈਦਰਾਬਾਦੀ ਖਿਡਾਰੀ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਉਹ ਇਸ ਵਾਰ ਆਪਣਾ ਫ਼ੈਸਲਾ ਨਹੀਂ ਬਦਲੇਗਾ। ਉਸ ਨੇ ਆਈਪੀਐੱਲ ਦੇ ਇਸ ਸੈਸ਼ਨ ਦੌਰਾਨ 15 ਮੈਚਾਂ ਵਿੱਚ 139 ਦੌੜਾਂ ਬਣਾਈਆਂ ਹਨ। ਰਾਇਡੂ ਨੇ ਟਵੀਟ ਕੀਤਾ, ”ਦੋ ਬਿਹਤਰੀਨ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇਨੱਈ ਸੁਪਰਕਿੰਗਜ਼, 204 ਮੈਚ, 14 ਸੈਸ਼ਨ, 11 ਪਲੇਅ-ਆਫ, ਅੱਠ ਫਾਈਨਲ, ਪੰਜ ਖ਼ਿਤਾਬ। ਉਮੀਦ ਹੈ ਕਿ ਅੱਜ ਰਾਤ ਛੇਵਾਂ ਵੀ। ਇਹ ਸ਼ਾਨਦਾਰ ਸਫ਼ਰ ਰਿਹਾ। ਮੈਂ ਫ਼ੈਸਲਾ ਕੀਤਾ ਹੈ ਕਿ ਅੱਜ ਰਾਤ ਦਾ ਫਾਈਨਲ ਮੇਰਾ ਆਖ਼ਰੀ ਆਈਪੀਐੱਲ ਹੋਵੇਗਾ। ਇਸ ਸ਼ਾਨਦਾਰ ਟੂਰਨਾਮੈਂਟ ਵਿੱਚ ਖੇਡ ਨੂੰ ਮੈਂ ਪੂਰੀ ਤਰ੍ਹਾਂ ਮਾਣਿਆ। ਸਾਰਿਆਂ ਦਾ ਧੰਨਵਾਦ। ਇਸ ਵਾਰ ਵਾਪਸੀ ਨਹੀਂ।”
ਰਾਇਡੂ ਨੇ 55 ਇੱਕ ਰੋਜ਼ਾ ਮੈਚਾਂ ਵਿੱਚ ਤਿੰਨ ਸੈਂਕੜਿਆਂ ਤੇ ਦਸ ਅਰਧ ਸੈਂਕੜਿਆਂ ਸਮੇਤ 1694 ਦੌੜਾਂ ਬਣਾਈਆਂ ਹਨ। ਉਹ ਟੀ-20 ਕ੍ਰਿਕਟ ਵਿੱਚ ਚੇਨੱਈ ਸੁਪਰਕਿੰਗਜ਼ ਦਾ ਅਨਿਖੜਵਾਂ ਅੰਗ ਰਿਹਾ ਹੈ। ਫਾਈਨਲ ਤੋਂ ਪਹਿਲਾਂ ਉਹ 203 ਆਈਪੀਐੱਲ ਮੈਚਾਂ ਵਿੱਚ 4329 ਦੌੜਾਂ ਬਣਾ ਚੁੱਕਿਆ ਹੈ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਤੇ 22 ਅਰਧ ਸੈਂਕੜੇ ਵੀ ਜੜੇ। ਉਸ ਨੇ 2018 ਦੇ ਸੈਸ਼ਨ ਵਿੱਚ ਚੇਨੱਈ ਲਈ 602 ਦੌੜਾਂ ਬਣਾਈਆਂ ਸਨ। -ਪੀਟੀਆਈ