ਰਣਜੀ: ਕਰਨਾਟਕ ਤੇ ਜੰਮੂ ਕਸ਼ਮੀਰ ਵਿਚਾਲੇ ਫਾਈਨਲ ਅੱਜ
ਨੌਵੀਂ ਵਾਰ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗਾ ਕਰਨਾਟਕ; ਜੰਮੂ ਕਸ਼ਮੀਰ ਦੀ ਪਹਿਲੀ ਵਾਰ ਟੂਰਨਾਮੈਂਟ ਜਿੱਤਣ ’ਤੇ ਨਜ਼ਰ
ਇੱਥੇ ਮੰਗਲਵਾਰ ਤੋਂ ਅੱਠ ਵਾਰ ਦੀ ਸਾਬਕਾ ਚੈਂਪੀਅਨ ਕਰਨਾਟਕ ਅਤੇ ਪਹਿਲੀ ਵਾਰ ਫਾਈਨਲ ਵਿੱਚ ਪੁੱਜੀ ਜੰਮੂ ਕਸ਼ਮੀਰ ਦੀ ਟੀਮ ਵਿਚਾਲੇ ਸ਼ੁਰੂ ਹੋਣ ਵਾਲਾ ਰਣਜੀ ਟਰਾਫੀ ਦਾ ਫਾਈਨਲ ਮੁਕਾਬਲਾ ਬੇਹੱਦ ਰੋਚਕ ਹੋਣ ਦੀ ਉਮੀਦ ਹੈ। ਕਰਨਾਟਕ ਨੇ ਇਸ ਸੀਜ਼ਨ ਵਿੱਚ ਲਗਾਤਾਰ ਸ਼ਾਨਦਾਰ ਖੇਡ ਦਿਖਾਈ ਹੈ। ਕਰਨਾਟਕ ਕੋਲ ਕੇ ਐੱਲ ਰਾਹੁਲ, ਕਰੁਣ ਨਾਇਰ, ਦੇਵਦੱਤ ਪਡੀਕਲ ਅਤੇ ਰਵੀਚੰਦਰਨ ਸਮਰਨ ਵਰਗੇ ਬੱਲੇਬਾਜ਼ ਹਨ। ਸਮਰਨ ਨੇ ਇਸ ਸਾਲ 950 ਦੌੜਾਂ ਬਣਾਈਆਂ ਹਨ। ਕੇ ਐੱਸ ਸੀ ਏ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਕਰਨਾਟਕ ਦੀ ਗੇਂਦਬਾਜ਼ੀ ਦਾ ਜ਼ਿੰਮਾ ਪ੍ਰਸਿੱਧ ਕ੍ਰਿਸ਼ਨਾ ਅਤੇ ਸ਼੍ਰੇਅਸ ਗੋਪਾਲ ’ਤੇ ਹੈ। ਗੋਪਾਲ ਨੇ 46 ਵਿਕਟਾਂ ਲੈਣ ਤੋਂ ਇਲਾਵਾ ਬੱਲੇ ਨਾਲ ਵੀ 442 ਦੌੜਾਂ ਦਾ ਯੋਗਦਾਨ ਪਾਇਆ ਹੈ। ਟੀਮ ਦੇ ਕਈ ਖਿਡਾਰੀ ਪਹਿਲਾਂ ਵੀ ਦੋ ਵਾਰ ਰਣਜੀ ਖ਼ਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਦੂਜੇ ਪਾਸੇ, ਬੰਗਾਲ ਅਤੇ ਮੱਧ ਪ੍ਰਦੇਸ਼ ਵਰਗੀਆਂ ਟੀਮਾਂ ਨੂੰ ਮਾਤ ਦੇ ਕੇ ਫਾਈਨਲ ਵਿੱਚ ਪੁੱਜੀ ਜੰਮੂ ਕਸ਼ਮੀਰ ਦੀ ਟੀਮ ਉਤਸ਼ਾਹਿਤ ਹੈ। ਤੇਜ਼ ਗੇਂਦਬਾਜ਼ ਆਕਿਬ ਨਬੀ 55 ਵਿਕਟਾਂ ਲੈ ਕੇ ਇਸ ਸੀਜ਼ਨ ਦਾ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ ਹੈ। ਤਜਰਬੇਕਾਰ ਕਪਤਾਨ ਪਾਰਸ ਡੋਗਰਾ ਅਤੇ ਕੋਚ ਅਜੈ ਸ਼ਰਮਾ ਦੀ ਅਗਵਾਈ ਹੇਠ ਟੀਮ ਇਤਿਹਾਸ ਰਚਣ ਦੀ ਤਿਆਰੀ ਵਿੱਚ ਹੈ। ਮੈਚ ਤੋਂ ਪਹਿਲਾਂ ਕੁਝ ਖਿਡਾਰੀਆਂ ਦੇ ਸੱਟਾਂ ਲੱਗਣ ਕਾਰਨ ਜੰਮੂ ਕਸ਼ਮੀਰ ਦੀ ਟੀਮ ਕੁਝ ਚਿੰਤਤ ਵੀ ਨਜ਼ਰ ਆ ਰਹੀ ਹੈ। ਬੱਲੇਬਾਜ਼ ਸ਼ੁਭਮ ਖਜੂਰੀਆ ਪਿੱਠ ਦੀ ਤਕਲੀਫ਼ ਅਤੇ ਖੱਬੇ ਹੱਥ ਦਾ ਸਪਿੰਨਰ ਵੰਸ਼ਰਾਜ ਸ਼ਰਮਾ ਗਿੱਟੇ ਦੀ ਸੱਟ ਨਾਲ ਜੂਝ ਰਿਹਾ ਹੈ।

