ਪੰਜਾਬ ਦੀ ਸ਼ਤਰੰਜ ਟੀਮ ਚੌਥੇ ਸਥਾਨ ’ਤੇ
ਰਾਂਚੀ ਦੀਆਂ ਕੌਮੀ ਸਕੂਲ ਖੇਡਾਂ ਵਿੱਚ ਵੱਖ-ਵੱਖ ਸੂਬਿਆਂ ਦੀਆਂ 31 ਟੀਮਾਂ ਨੇ ਹਿੱਸਾ ਲਿਆ
ਮੁਹਾਲੀ ਦੇ ਦੂਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਸਮੀਰ ਸ਼ੇਰਗਿੱਲ ਦੀ ਅਗਵਾਈ ਵਾਲੀ ਪੰਜਾਬ ਦੇ ਲੜਕਿਆਂ ਦੀ ਅੰਡਰ-14 ਉਮਰ ਵਰਗ ਵਾਲੀ ਸ਼ਤਰੰਜ ਦੀ ਟੀਮ ਨੇ ਝਾਰਖੰਡ ਦੇ ਰਾਂਚੀ ਵਿੱਚ ਹੋਈਆਂ 69ਵੀਂ ਕੌਮੀ ਸਕੂਲ ਖੇਡਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਕੌਮੀ ਪੱਧਰ ’ਤੇ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਵਰਗ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਸਿੱਖਿਆ ਸੰਸਥਾਵਾਂ ਦੀਆਂ 31 ਟੀਮਾਂ ਨੇ ਭਾਗ ਲਿਆ। ਸਮੀਰ ਸ਼ੇਰਗਿੱਲ, ਅਗਮਜੋਤ ਗਿੱਲ, ਸ਼੍ਰੇਆਂਸ਼ ਜੈਨ, ਕਾਰਤਿਕ ਮਿੱਤਲ ਤੇ ਅਨੰਤਵੀਰ ਗਰਗ ਦੀ ਮੁੰਡਿਆਂ ਦੀ ਟੀਮ ਨੇ ਆਪਣੇ ਅੰਤਿਮ ਗੇੜ ਵਿੱਚ ਸ਼ਤਰੰਜ ਦੇ ਧਨੰਤਰ ਮੰਨੇ ਜਾਂਦੇ ਆਂਧਰਾ ਪ੍ਰਦੇਸ਼ ਨੂੰ ਹਰਾਇਆ। ਪੰਜਾਬ ਦੀ ਟੀਮ ਨੇ ਟੂਰਨਾਮੈਂਟ ਵਿਚ ਜੇਤੂ ਰਹੀ ਤਾਮਿਲਨਾਡੂ ਦੀ ਟੀਮ ਤੋਂ ਆਪਣਾ ਇੱਕੋ-ਇੱਕ ਮੁਕਾਬਲਾ ਹਾਰਿਆ। ਟੀਮ ਦੇ ਕੋਚ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਦੀ ਕਿਸੇ ਸ਼ਤਰੰਜ ਟੀਮ ਨੇ ਕੌਮੀ ਚੈਂਪੀਅਨਸ਼ਿਪ ਵਿੱਚ ਪਹਿਲੇ 4 ਸਥਾਨਾਂ ਵਿੱਚ ਜਗ੍ਹਾ ਬਣਾਈ ਹੈ। ਗੁਰਿੰਦਰ ਸਿੰਘ ਸੋਢੀ, ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨੇ ਇਸ ਪ੍ਰਾਪਤੀ ਨੂੰ ਇਤਿਹਾਸਕ ਦੱਸਿਆ ਤੇ ਪੰਜਾਬ ਨੂੰ ਸ਼ਤਰੰਜ ਦੇ ਕੌਮੀ ਨਕਸ਼ੇ ’ਤੇ ਲਿਆਉਣ ਲਈ ਟੀਮ ਨੂੰ ਵਧਾਈ ਦਿੱਤੀ।

