ਇੱਥੇ ਹੋ ਰਹੀਆਂ 69ਵੀਆਂ ਕੌਮੀ ਸਕੂਲ ਖੇਡਾਂ ਦੇ ਚੌਥੇ ਦਿਨ ਜੂਡੋ, ਤਾਈਕਵਾਂਡੋ ਅਤੇ ਗੱਤਕਾ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਹੋਏ। ਤਾਈਕਵਾਂਡੋ ਦੇ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਖਿਡਾਰਨਾਂ ਅਨੂਕਰੀਤੀ, ਅੰਸ਼ਿਕਾ ਤੇ ਪ੍ਰਭਜੋਤ ਨੇ ਸੋਨੇ ਦੇ ਤਗ਼ਮੇ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਅੱਜ ਚੌਥੇ ਦਿਨ ਹੋਏ ਮੁਕਾਬਲਿਆਂ ਵਿੱਚ ਤਾਈਕਵਾਂਡੋ ਲੜਕੀਆਂ (ਅੰਡਰ-14 ਸਾਲ) ਦੇ 38 ਕਿਲੋ ਭਾਰ ਵਰਗ ਵਿੱਚ ਪੰਜਾਬ ਦੀ ਖਿਡਾਰਨ ਅਨੂਕਰੀਤੀ ਨੇ ਸੋਨੇ ਦਾ, ਹਰਿਆਣਾ ਦੀ ਨਕੀਸਾ ਸਿੰਘ ਨੇ ਚਾਂਦੀ, ਸੀ ਬੀ ਐੱਸ ਈ ਦੀ ਖਿਡਾਰਨ ਖੁਸ਼ੀ ਤੇ ਚੰਡੀਗੜ੍ਹ ਦੀ ਜੁਗਦੀਸ਼ਾ ਸ਼ਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ 22 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਪੰਜਾਬ ਦੀ ਖਿਡਾਰਨ ਅੰਸ਼ਿਕਾ ਨੇ ਸੋਨੇ ਦਾ, ਸੀ ਬੀ ਐੱਸ ਈ ਦੀ ਅਦਿੱਤੀ ਅੰਦੋਰੇ ਨੇ ਚਾਂਦੀ, ਤਿਲੰਗਾਨਾ ਦੀ ਮੰਡੇਲਾ ਸਮਨਵਿਤਾ ਤੇ ਦਿੱਲੀ ਦੀ ਦਿਕਸ਼ਿਤਾ ਸ਼ਰਮਾ ਨੇ ਸਾਂਝੇ ਤੌਰ ’ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਤਾਈਕਵਾਂਡੋ ਲੜਕੀਆਂ ਦੇ 20 ਕਿਲੋ ਭਾਰ ਵਰਗ ਵਿੱਚ ਪੰਜਾਬ ਦੀ ਖਿਡਾਰਨ ਪ੍ਰਭਜੋਤ ਨੇ ਸੋਨੇ ਦਾ, ਮਹਾਰਾਸ਼ਟਰ ਦੀ ਆਰਿਆ ਕਿਰਨ ਨੇ ਚਾਂਦੀ, ਤਿਲੰਗਾਨਾ ਦੀ ਜੁਨੇਰਾ ਕੁਲਸੁਮ ਤੇ ਕੇਂਦਰੀ ਵਿਦਿਆਲਿਆ ਸੰਗਠਨ ਦੀ ਖਿਡਾਰਨ ਰਾਖੀ ਕੁਮਾਰੀ ਨੇ ਸਾਂਝੇ ਤੌਰ ’ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਸਰਕਾਰੀ ਸਮਾਰਟ ਸਕੂਲ ਪੀ ਏ ਯੂ ਵਿਖੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਲਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਡਿੰਪਲ ਮਦਾਨ ਅਤੇ ਯੂਥ ਖੇਡ ਕੋਆਰਡੀਨੇਟਰ ਕੁਲਵੀਰ ਸਿੰਘ ਸਲੌਦੀ ਪਹੁੰਚੇ। ਉਨ੍ਹਾਂ ਕਿਹਾ ਕਿ ਖੇਡਾਂ ਜ਼ਿੰਦਗੀ ਦੀ ਦੌੜ ਵਿੱਚ ਹਰ ਪ੍ਰਕਾਰ ਦੀ ਸਥਿਤੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਪ੍ਰਦਾਨ ਕਰਦੀਆਂ ਹਨ।

