ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੋਂ ਦੇ ਬਰਲਟਨ ਪਾਰਕ ਵਿੱਚ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਆਲਮੀ ਮੰਚ ’ਤੇ ਆਪਣਾ ਪੁਰਾਣਾ ਰੁਤਬਾ ਹਾਸਲ ਕਰਨ ਲਈ ਤਿਆਰ ਹੈ। ਸੂਬਾ 2030 ਦੇ ਹਾਕੀ ਆਲਮੀ ਕੱਪ ਦੀ ਮੇਜ਼ਬਾਨੀ ਦੀਆਂ ਤਿਆਰੀਆਂ ਵਿੱਚ ਜੁਟ ਗਿਆ ਹੈ। ਇਸ ਚੈਂਪੀਅਨਸ਼ਿਪ ਦੇ ਸਾਰੇ ਲੀਗ ਮੈਚ ਜਲੰਧਰ ਵਿੱਚ ਅਤੇ ਸੈਮੀ ਫਾਈਨਲ ਤੇ ਫਾਈਨਲ ਮੁਕਾਬਲੇ ਮੁਹਾਲੀ ਵਿੱਚ ਖੇਡੇ ਜਾਣਗੇ। ਇਸ ਦੌਰਾਨ ਮੁੱਖ ਮੰਤਰੀ ਨੇ ਬੰਗਲਾਦੇਸ਼, ਚੀਨ, ਜਪਾਨ, ਕੋਰੀਆ ਅਤੇ ਮਲੇਸ਼ੀਆ ਤੋਂ ਆਈਆਂ ਟੀਮਾਂ ਦਾ ਸਵਾਗਤ ਕਰਦਿਆਂ ਕਪਤਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਟੋਕੀਓ ਅਤੇ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੇ ਦੇ ਤਗ਼ਮੇ ਜਿੱਤਣ ਨਾਲ 52 ਸਾਲਾਂ ਬਾਅਦ ਹਾਕੀ ਵਿੱਚ ਤਗ਼ਮਿਆਂ ਦੀ ਲੜੀ ਮੁੜ ਸ਼ੁਰੂ ਹੋਈ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਮੌਜੂਦਾ ਭਾਰਤੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀ ਸ਼ਾਮਲ ਹਨ। ਉਨ੍ਹਾਂ 1975, 2001 ਅਤੇ 2016 ਦੇ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਪੰਜਾਬੀਆਂ ਦਾ ਯੋਗਦਾਨ ਵੀ ਯਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਅਤੇ ਆਲੇ-ਦੁਆਲੇ ਦੇ ਪਿੰਡਾਂ ਨੇ 20 ਤੋਂ ਵੱਧ ਓਲੰਪੀਅਨ ਪੈਦਾ ਕੀਤੇ ਹਨ। ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਵਰਗੇ ਪਿੰਡਾਂ ਵਿੱਚ ਹਾਕੀ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਰਵਾਇਤ ਹੈ। ਉਨ੍ਹਾਂ ਓਲੰਪੀਅਨ ਸੁਰਜੀਤ ਸਿੰਘ ਦੇ ਨਾਂ ’ਤੇ ਬਣੇ ਸਟੇਡੀਅਮ ਨੂੰ ਪੰਜਾਬ ਦੀ ਹਾਕੀ ਵਿਰਾਸਤ ਦਾ ਪ੍ਰਤੀਕ ਦੱਸਿਆ। ਇੱਥੇ ਸੁਰਜੀਤ ਸਿੰਘ ਦਾ ਬੁੱਤ ਵੀ ਸਥਾਪਤ ਕੀਤਾ ਗਿਆ ਹੈ। ਸਟੇਡੀਅਮ ਵਿੱਚ 102 ਖਿਡਾਰੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੈਂਟਰ ਅਤੇ 33 ਖਿਡਾਰੀ ਖੇਲੋ ਇੰਡੀਆ ਸੈਂਟਰ ਵਿੱਚ ਸਿਖਲਾਈ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਛੇ ਲੱਖ ਤੋਂ ਵੱਧ ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸੂਬੇ ਵਿੱਚ 3000 ਤੋਂ ਵੱਧ ਖੇਡ ਮੈਦਾਨ ਬਣਾਏ ਜਾ ਰਹੇ ਹਨ ਅਤੇ 14 ‘ਉੱਤਮਤਾ ਕੇਂਦਰਾਂ’ ਵਿੱਚ 1870 ਖਿਡਾਰੀ ਸਿਖਲਾਈ ਲੈ ਰਹੇ ਹਨ। ਸਮਾਗਮ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ ਤੇ ਇਸ਼ਾਨ ਚੱਬੇਵਾਲ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹਾਕੀ ਇੰਡੀਆ ਦੇ ਸਕੱਤਰ ਭੋਲਾ ਨਾਥ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

