ਕੁਆਲਾਲੰਪੁਰ, 28 ਮਈ
ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਇ ਨੇ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਰੋਮਾਂਚਿਕ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਵੈਂਗ ਹੌਂਗ ਯਾਂਗ ਨੂੰ ਤਿੰਨ ਗੇਮਾਂ ਵਿੱਚ ਹਰਾ ਕੇ ਛੇ ਸਾਲਾਂ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕੀਤਾ ਹੈ। ਮੁਕਾਬਲੇ ਦੌਰਾਨ 30 ਸਾਲ ਦੇ ਭਾਰਤੀ ਖਿਡਾਰੀ ਨੇ ਧੀਰਜ ਕਾਇਮ ਰੱਖਿਆ ਅਤੇ 94 ਮਿੰਟ ਤੱਕ ਚੱਲੀ ਜੱਦੋ-ਜਹਿਦ ਵਿੱਚ ਦੁਨੀਆ ਦੇ 34ਵੇਂ ਨੰਬਰ ਦੇ ਚੀਨੀ ਖਿਡਾਰੀ ਵੈਂਗ ਹੌਂਗ ਯਾਂਗ ‘ਤੇ 21-19, 13-21, 21-18 ਨਾਲ ਜਿੱਤ ਦਰਜ ਕੀਤੀ। ਪ੍ਰਣੌਇ ਨੇ ਪਿਛਲੇ ਸਾਲ ਭਾਰਤ ਦੀ ਥੌਮਸ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, ਉਸ ਨੂੰ ਸਾਲ 2017 ਵਿੱਚ ਯੂਐੱਸ ਓਪਨ ਗ੍ਰਾਂ ਪ੍ਰੀ ਗੋਲਡ ਜਿੱਤਣ ਮਗਰੋਂ ਵਿਅਕਤੀਗਤ ਖ਼ਿਤਾਬੀ ਸੋਕਾ ਖ਼ਤਮ ਕਰਨ ਦੀ ਉਡੀਕ ਸੀ।
ਕੇਰਲਾ ਦਾ ਬੈਡਮਿੰਟਨ ਖਿਡਾਰੀ ਪਿਛਲੇ ਸਾਲ ਸਵਿੱਸ ਓਪਨ ਦੇ ਫਾਈਨਲ ਅਤੇ ਮਲੇਸ਼ੀਆ ਤੇ ਇੰਡੋਨੇਸ਼ੀਆ ਸੁਪਰ 1000 ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਕੇ ਖ਼ਿਤਾਬੀ ਸੋਕਾ ਖ਼ਤਮ ਕਰਨ ਦੇ ਨੇੜੇ ਪਹੁੰਚ ਗਿਆ ਸੀ। ਦੁਨੀਆ ਦੇ ਨੌਂਵੇਂ ਨੰਬਰ ਦੇ ਖਿਡਾਰੀ ਪ੍ਰਣੌਇ ਨੇ ਅੱਜ ਚੀਨ ਦੇ 23 ਸਾਲਾ ਖਿਡਾਰੀ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਖ਼ੀਰ ਖ਼ਿਤਾਬੀ ਸੋਕੇ ਨੂੰ ਖ਼ਤਮ ਕੀਤਾ। ਇਸ ਹਫ਼ਤੇ ਪ੍ਰਣੌਇ ਨੇ ਆਪਣੀ ਸਰੀਰਕ ਤੇ ਮਾਨਸਿਕ ਮਜ਼ਬੂਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਤਿੰਨ ਗੇਮਾਂ ਦੇ ਮੁਕਾਬਲੇ ਵਿੱਚ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਚਾਊ ਟੀਨ ਚੇਨ, ਆਲ ਇੰਗਲੈਂਡ ਚੈਂਪੀਅਨ ਲੀ ਸ਼ੀ ਫੈਂਗ ਤੇ ਜਾਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ ਪਛਾੜਿਆ ਹੈ। ਉਸ ਦੀ ਜਿੱਤ ਦਾ ਮੰਤਰ ਸਰਲ ਸੀ; ਲਗਾਤਾਰ ਹਮਲੇ ਜਾਰੀ ਰੱਖੋ, ਸਭ ਕੁੱਝ ਪ੍ਰਾਪਤ ਕਰਦੇ ਜਾਓ ਅਤੇ ਵਿਰੋਧੀਆਂ ਦੀ ਗ਼ਲਤੀ ਦੀ ਉਡੀਕ ਕਰੋ। -ਪੀਟੀਆਈ