FIFA World Cup 'ਚ Portugal ਦੀ ਵੱਡੀ ਜਿੱਤ; ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਇਆ
ਰੋਨਾਲਡੋ 6 ਆਲਮੀ ਕੱਪਾਂ ਵਿੱਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ; ਕੋਲੰਬੀਆ ਨੇ ਕਾਂਗੋ ਅਤੇ ਕਰੋਏਸ਼ੀਆ ਨੇ ਪਨਾਮਾ ਨੂੰ ਹਰਾਇਆ; ਇੰਗਲੈਂਡ ਤੇ ਘਾਨਾ ਵਿਚਾਲੇ ਮੁਕਾਬਲਾ ਡਰਾਅ
ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੁਰਤਗਾਲ ਨੇ ਬੀਤੀ ਦੇਰ ਰਾਤ ਫੀਫਾ ਆਲਮੀ ਕੱਪ ਦੇ ਗਰੁੱਪ ‘ਕੇ’ ਮੁਕਾਬਲੇ ’ਚ ਉਜ਼ਬੇਕਿਸਤਾਨ ਨੂੰ 5-0 ਨਾਲ ਮਾਤ ਦਿੱਤੀ। ਪਹਿਲੇ ਮੈਚ ਵਿੱਚ ਕਾਂਗੋ ਖ਼ਿਲਾਫ਼ 1-1 ਦੀ ਬਰਾਬਰੀ ਤੋਂ ਬਾਅਦ ਆਲੋਚਨਾ ਦਾ ਸਾਹਮਣਾ ਕਰ ਰਹੇ 41 ਸਾਲਾ ਰੋਨਾਲਡੋ ਨੇ ਦੋ ਗੋਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਉਹ ਛੇ ਵੱਖ-ਵੱਖ ਆਲਮੀ ਕੱਪ ਟੂਰਨਾਮੈਂਟਾਂ ’ਚ ਗੋਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।
ਉਸ ਨੇ ਮੈਚ ਦੇ ਛੇਵੇਂ ਮਿੰਟ ਵਿੱਚ ਹੀ ਗੋਲ ਕਰ ਕੇ ਟੀਮ ਨੂੰ 1-0 ਦੀ ਲੀਡ ਦਿਵਾਈ ਅਤੇ ਫਿਰ 39ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕੀਤਾ। ਨੂਨੋ ਮੈਂਡੇਜ਼, ਰਾਫੇਲ ਲਿਆਓ ਅਤੇ ਇੱਕ ਆਤਮਘਾਤੀ ਗੋਲ ਨੇ ਪੁਰਤਗਾਲ ਦੀ 5-0 ਨਾਲ ਜਿੱਤ ਪੱਕੀ ਕੀਤੀ। ਰੋਨਾਲਡੋ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ‘ਮੈਨ ਆਫ ਦਿ ਮੈਚ’ ਵੀ ਚੁਣਿਆ ਗਿਆ।
ਗਰੁੱਪ ‘ਕੇ’ ਦੇ ਇੱਕ ਹੋਰ ਮੈਚ ਵਿੱਚ ਕੋਲੰਬੀਆ ਨੇ ਡੈਨੀਅਲ ਮੁਨੋਜ਼ ਦੇ 76ਵੇਂ ਮਿੰਟ ਵਿੱਚ ਕੀਤੇ ਗੋਲ ਸਦਕਾ ਕਾਂਗੋ ਨੂੰ 1-0 ਨਾਲ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਕੋਲੰਬੀਆ ਹੁਣ ਛੇ ਅੰਕਾਂ ਨਾਲ ਗਰੁੱਪ ਵਿੱਚ ਸਭ ਤੋਂ ਅੱਗੇ ਹੈ।
ਦੂਜੇ ਪਾਸੇ, ਗਰੁੱਪ ‘ਐੱਲ’ ਦੇ ਮੁਕਾਬਲਿਆਂ ਵਿੱਚ ਕਰੋਏਸ਼ੀਆ ਨੇ ਆਂਤੇ ਬੁਦੀਮੀਰ ਦੇ ਗੋਲ ਸਦਕਾ ਪਨਾਮਾ ਨੂੰ 1-0 ਨਾਲ ਹਰਾ ਕੇ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ; ਪਨਾਮਾ ਦੀ ਟੀਮ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਇਸੇ ਗਰੁੱਪ ਦੇ ਇੱਕ ਹੋਰ ਰੋਮਾਂਚਕ ਮੈਚ ਵਿੱਚ ਇੰਗਲੈਂਡ ਅਤੇ ਘਾਨਾ ਦੀਆਂ ਟੀਮਾਂ ਭਾਰੀ ਮੀਂਹ ਵਿਚਾਲੇ ਕੋਈ ਵੀ ਗੋਲ ਕਰਨ ਵਿੱਚ ਨਾਕਾਮ ਰਹੀਆਂ ਅਤੇ ਮੁਕਾਬਲਾ 0-0 ਦੀ ਬਰਾਬਰੀ ’ਤੇ ਖ਼ਤਮ ਹੋਇਆ।
ਗਰੁੱਪ ਗੇੜ ’ਚ ਸਭ ਤੋਂ ਵੱਧ ਗੋਲਾਂ ਦਾ ਰਿਕਾਰਡ
ਹਿਊਸਟਨ: ਫੀਫਾ ਆਲਮੀ ਕੱਪ 2026 ਦੇ ਗਰੁੱਪ ਗੇੜ ਵਿੱਚ ਸਭ ਤੋਂ ਵੱਧ ਗੋਲ ਹੋਣ ਦਾ ਨਵਾਂ ਰਿਕਾਰਡ ਬਣ ਗਿਆ ਹੈ। ਹੁਣ ਤੱਕ ਖੇਡੇ ਗਏ 45 ਮੈਚਾਂ ਵਿੱਚ ਕੁੱਲ 137 ਗੋਲ ਹੋ ਚੁੱਕੇ ਹਨ। ਇਸ ਨਾਲ 2014 ਵਿਸ਼ਵ ਕੱਪ ਦਾ 48 ਮੈਚਾਂ ਵਿੱਚ 136 ਗੋਲ ਹੋਣ ਦਾ ਰਿਕਾਰਡ ਟੁੱਟ ਗਿਆ ਹੈ। ਇਹ ਨਵਾਂ ਰਿਕਾਰਡ ਪੁਰਤਗਾਲ ਵੱਲੋਂ ਉਜ਼ਬੇਕਿਸਤਾਨ ਨੂੰ 5-0 ਨਾਲ ਹਰਾਉਣ ਮਗਰੋਂ ਬਣਿਆ। ਗਰੁੱਪ ਗੇੜ ਦੇ ਹਾਲੇ ਹੋਰ ਮੈਚ ਰਹਿੰਦੇ ਹਨ, ਜਿਸ ਕਰ ਕੇ ਇਹ ਅੰਕੜਾ ਹੋਰ ਵਧਣ ਦੀ ਉਮੀਦ ਹੈ। -ਏਐੱਨਆਈ
