ਖਿਡਾਰੀਆਂ ’ਤੇ ਜੁਰਮਾਨੇ ਲਾਉਣ ਬਾਰੇ ਵਿਚਾਰ ਕਰ ਰਿਹੈ ਪੀ ਸੀ ਬੀ
ਟੀ20 ਵਿਸ਼ਵ ਕੱਪ ’ਚੋਂ ਅਗਾੳੂਂ ਰੁਖ਼ਸਤਗੀ ਤੋਂ ਨਾਰਾਜ਼ ਹੈ ਪਾਕਿਸਤਾਨ ਕ੍ਰਿਕਟ ਬੋਰਡ
ਟੀ-20 ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਅਗਾਊਂ ਰੁਖ਼ਸਤਗੀ ਤੋਂ ਨਾਰਾਜ਼ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਖਿਡਾਰੀਆਂ ’ਤੇ ਉਨ੍ਹਾਂ ਦੇ ਮਾੜੇ ਪ੍ਰਦਰਸ਼ਨ ਲਈ ਵਿੱਤੀ ਜੁਰਮਾਨੇ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ। ਇਤਬਾਰੀ ਸੂਤਰ ਨੇ ਕਿਹਾ ਕਿ ਪੀ ਸੀ ਬੀ ਵੱਲੋਂ ਖਿਡਾਰੀਆਂ ਦੇ ਮਿਹਨਤਾਨੇ ’ਚੋਂ ਕਟੌਤੀ ਦੀਆਂ ਖ਼ਬਰਾਂ ਗ਼ਲਤ ਸਨ, ਪਰ ਭਾਰਤ ਤੇ ਸ੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਾਲੇ ਇਸ ਟੂਰਨਾਮੈਂਟ ਦੇ ਸੁਪਰ 8 ਪੜਾਅ ’ਚੋਂ ਟੀਮ ਦੇ ਬਾਹਰ ਹੋਣ ਕਰਕੇ ਮਾੜੀ ਕਾਰਗੁਜ਼ਾਰੀ ਵਾਲੇ ਖਿਡਾਰੀਆਂ ਖਿਲਾਫ਼ ਢੁਕਵੀਂ ਕਾਰਵਾਈ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਸੂਤਰ ਨੇ ਬਹੁਤੀ ਤਫ਼ਸੀਲ ਸਾਂਝਿਆਂ ਕਰਨ ਤੋਂ ਇਨਕਾਰ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਹਾਲ ਦੀ ਘੜੀ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਪਰ ਖਿਡਾਰੀਆਂ ’ਤੇ ਜੁਰਮਾਨੇ ਲਾਉਣ ਦੀ ਤਜਵੀਜ਼ ਜ਼ਰੂਰ ਵਿਚਾਰਧੀਨ ਹੈ।’’ ਉਸ ਨੇ ਕਿਹਾ ਕਿ ਇਸ ਗੱਲ ’ਤੇ ਬਹਿਸ ਜਾਰੀ ਹੈ ਕਿ ਕੀ ਖਿਡਾਰੀਆਂ ਨੂੰ ਵਿੱਤੀ ਜੁਰਮਾਨੇ ਲਾਉਣਾ ਸਹੀ ਕਦਮ ਹੋਵੇਗਾ। ਚੇਤੇ ਰਹੇ ਕਿ ਪਾਕਿਸਤਾਨ ਸੈਮੀ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਅਤੇ ਰਵਾਇਤੀ ਵਿਰੋਧੀ ਭਾਰਤ ਅਤੇ ਇੰਗਲੈਂਡ ਵਰਗੀਆਂ ਵੱਡੀਆਂ ਟੀਮਾਂ ਤੋਂ ਹਾਰ ਗਿਆ ਜਦੋਂ ਕਿ ਨਿਊਜ਼ੀਲੈਂਡ ਖ਼ਿਲਾਫ਼ ਸੁਪਰ 8 ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਟੀਮ ਨੇ ਆਪਣੇ ਆਖ਼ਰੀ ਸੁਪਰ 8 ਮੈਚ ਵਿੱਚ ਸ੍ਰੀਲੰਕਾ ਨੂੰ ਹਰਾਇਆ ਪਰ ਸੈਮੀ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ। ਸੂਤਰ ਅਨੁਸਾਰ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਨਾ ਸਿਰਫ਼ ਪੀ ਸੀ ਬੀ ਨੂੰ, ਸਗੋਂ ਸਰਕਾਰ ’ਚ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਵੀ ਪ੍ਰੇਸ਼ਾਨ ਕੀਤਾ ਹੈ। ਪਾਕਿਸਤਾਨੀ ਖਿਡਾਰੀ ਵੀ ਸ੍ਰੀਲੰਕਾ ਤੋਂ ਛੋਟੇ ਸਮੂਹਾਂ ਵਿੱਚ ਚੁੱਪ-ਚਾਪ ਘਰ ਪਰਤ ਗਏ। ਕਪਤਾਨ ਸਲਮਾਨ ਅਲੀ ਆਗ਼ਾ ਅਤੇ ਬੱਲੇਬਾਜ਼ ਬਾਬਰ ਆਜ਼ਮ ਤੇ ਕੁਝ ਹੋਰ ਖਿਡਾਰੀ ਐਤਵਾਰ ਰਾਤੀਂ ਲਾਹੌਰ ਪਹੁੰਚੇ। ਖਿਡਾਰੀ, ਜਿਨ੍ਹਾਂ ਕੋਲ ਕੇਂਦਰੀ ਇਕਰਾਰਨਾਮੇ ਹਨ, ਉਨ੍ਹਾਂ ਨੂੰ ਮਹੀਨਾਵਾਰ ਰਿਟੇਨਰ ਤੇ ਮੈਚ ਫੀਸ ਅਤੇ ਬੋਰਡ ਦੇ ਟੀਮ ਸਪਾਂਸਰਸ਼ਿਪ ਸੌਦਿਆਂ ਵਿੱਚ ਬੋਨਸ ਅਤੇ ਹਿੱਸੇਦਾਰੀ ਮਿਲਦੀ ਹੈ।

