Para Asian Games: ਪੈਰਾ ਏਸ਼ਿਆਈ ਖੇਡਾਂ ਲਈ 166 ਐਥਲੀਟਾਂ ਨੂੰ ਮਨਜ਼ੂਰੀ
ਖੇਡ ਮੰਤਰਾਲੇ ਨੇ ਪੈਰਾ ਨਿਸ਼ਾਨੇਬਾਜ਼ੀ ਕੋਚ ਨੌਟਿਆਲ ਨੂੰ ਕੀਤਾ ਬਾਹਰ
ਖੇਡ ਮੰਤਰਾਲੇ ਨੇ ਵਿਵਾਦਾਂ ਵਿੱਚ ਘਿਰੇ ਪੈਰਾ ਨਿਸ਼ਾਨੇਬਾਜ਼ੀ ਕੋਚ ਜੈ ਪ੍ਰਕਾਸ਼ ਨੌਟਿਆਲ ਨੂੰ ਪੈਰਾ ਏਸ਼ਿਆਈ ਖੇਡਾਂ ਲਈ ਜਾਣ ਵਾਲੇ ਭਾਰਤੀ ਦਸਤੇ ’ਚੋਂ ਬਾਹਰ ਕਰ ਦਿੱਤਾ ਹੈ। ਜਪਾਨ ਦੇ ਆਇਚੀ ਨਾਗੋਆ ਵਿੱਚ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ ਮੰਤਰਾਲੇ ਨੇ 166 ਐਥਲੀਟਾਂ ਨੂੰ ਮਨਜ਼ੂਰੀ ਦਿੱਤੀ ਹੈ। ਨੌਟਿਆਲ ਦੀ ਥਾਂ ਹੁਣ ਤਜਰਬੇਕਾਰ ਜੀਵਨ ਐੱਲ ਰਾਏ ਨੂੰ ਕੌਮੀ ਕੋਚ ਬਣਾਇਆ ਗਿਆ ਹੈ। ਨੌਟਿਆਲ ’ਤੇ ਟੀਮ ਦੀ ਚੋਣ ਦੌਰਾਨ ਤੈਅ ਨੇਮਾਂ ਦੀ ਅਣਦੇਖੀ ਕਰਨ ਅਤੇ ਰਿਸ਼ਵਤ ਮੰਗਣ ਦੇ ਗੰਭੀਰ ਦੋਸ਼ ਲੱਗੇ ਸਨ। ਕਈ ਨਿਸ਼ਾਨੇਬਾਜ਼ਾਂ ਨੇ ਸਾਈ ਹੈੱਡਕੁਆਰਟਰ ਦੇ ਬਾਹਰ ਮੁਜ਼ਾਹਰਾ ਕਰਨ ਤੋਂ ਬਾਅਦ ਖੇਡ ਮੰਤਰੀ ਮਨਸੁਖ ਮਾਂਡਵੀਆ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ।
ਭਾਰਤੀ ਦਲ ਵਿੱਚ 94 ਸਹਾਇਕ ਸਟਾਫ ਅਤੇ 15 ਅਧਿਕਾਰੀਆਂ ਸਮੇਤ ਕੁੱਲ 275 ਮੈਂਬਰ 10 ਖੇਡਾਂ ਵਿੱਚ ਹਿੱਸਾ ਲੈਣਗੇ। ਸਭ ਤੋਂ ਵੱਡਾ ਦਲ ਪੈਰਾ ਐਥਲੈਟਿਕਸ ਦਾ ਹੈ ਜਿਸ ਵਿੱਚ 62 ਐਥਲੀਟ ਸ਼ਾਮਲ ਹਨ। ਸਾਈਕਲਿੰਗ ਖਿਡਾਰੀਆਂ ਦੇ ਵਿਰੋਧ ਦੇ ਬਾਵਜੂਦ ਮੰਤਰਾਲੇ ਨੇ ਆਖ਼ਰੀ ਮੌਕੇ ਕੋਈ ਤਬਦੀਲੀ ਨਾ ਕਰਦਿਆਂ ਸਿਰਫ਼ ਅਰਸ਼ਦ ਸ਼ੇਖ਼ ਨੂੰ ਹੀ ਹਰੀ ਝੰਡੀ ਦਿੱਤੀ ਹੈ। ਇਸ ਦਲ ਵਿੱਚ ਨੇਤਰਹੀਣ ਦੌੜਾਕ ਸਿਮਰਨ ਆਪਣੇ ਨਵੇਂ ਗਾਈਡ ਸ਼ਿਵਮ ਨਾਲ ਦੌੜੇਗੀ। ਬੈਡਮਿੰਟਨ ਦੇ 28 ਮੈਂਬਰੀ ਦਲ ਦੀ ਅਗਵਾਈ ਪ੍ਰਮੋਦ ਭਗਤ ਅਤੇ ਸੁਹਾਸ ਯਤੀਰਾਜ ਕਰਨਗੇ ਜਦਕਿ ਟੇਬਲ ਟੈਨਿਸ ਵਿੱਚ ਭਾਵਿਨਾ ਪਟੇਲ ਆਪਣਾ ਦਮ ਦਿਖਾਏਗੀ। ਤੀਰਅੰਦਾਜ਼ੀ ਵਿੱਚ ਸ਼ੀਤਲ ਦੇਵੀ ਅਤੇ 18 ਸਾਲਾ ਪਾਇਲ ਨਾਗ ਤੋਂ ਉਮੀਦਾਂ ਹੋਣਗੀਆਂ।

