ਭਾਰਤ ਵੱਲੋਂ ਖੇਡਣ ’ਤੇ ਪਾਕਿਸਤਾਨੀ ਜਾਫੀ ਘਿਰਿਆ
ਪੀ ਕੇ ਐੱਫ ਨੇ ਹੰਗਾਮੀ ਮੀਟਿੰਗ ਸੱਦੀ; 16 ਪਾਕਿ ਖਿਡਾਰੀਆਂ ’ਤੇ ਕਾਰਵਾਈ ਦੀ ਤਿਆਰੀ
ਪਾਕਿਸਤਾਨ ਦੇ ਮਸ਼ਹੂਰ ਕੌਮਾਂਤਰੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ ’ਤੇ 16 ਦਸੰਬਰ ਨੂੰ ਬਹਿਰੀਨ ਵਿੱਚ ਇੱਕ ਟੂਰਨਾਮੈਂਟ ’ਚ ਭਾਰਤੀ ਟੀਮ ਵੱਲੋਂ ਖੇਡਣ ਕਾਰਨ ਅਨੁਸ਼ਾਸਨੀ ਕਾਰਵਾਈ ਕਰਨ ਦੀ ਤਿਆਰੀ ਹੋ ਰਹੀ ਹੈ। ਜੀ ਸੀ ਸੀ ਕੱਪ ਦੌਰਾਨ ਉਬੈਦੁੱਲਾ ਨੇ ਭਾਰਤੀ ਜਰਸੀ ਵੀ ਪਾਈ ਅਤੇ ਭਾਰਤੀ ਝੰਡਾ ਵੀ ਲਹਿਰਾਇਆ। ਪਾਕਿਸਤਾਨ ਵਿੱਚ ਖਿਡਾਰੀ ਦਾ ਸਖ਼ਤ ਵਿਰੋਧ ਹੋ ਰਿਹਾ ਹੈ। ਪਾਕਿਸਤਾਨ ਕਬੱਡੀ ਫੈਡਰੇਸ਼ਨ (ਪੀ ਕੇ ਐੱਫ) ਦੇ ਸਕੱਤਰ ਰਾਣਾ ਸਰਵਾਰ ਨੇ ਦੱਸਿਆ ਕਿ 27 ਦਸੰਬਰ ਨੂੰ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਰਾਜਪੂਤ ਅਤੇ ਕੁਝ ਹੋਰ ਖਿਡਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ। 16 ਦਸੰਬਰ ਨੂੰ ਬਹਿਰੀਨ ਵਿੱਚ ਇਕ ਨਿੱਜੀ ਟੂਰਨਾਮੈਂਟ ’ਚ ਭਾਰਤੀ ਖਿਡਾਰੀਆਂ ਨੇ ਭਾਰਤੀ ਪੱਖ ਦੀ ਨੁਮਾਇੰਦਗੀ ਕੀਤੀ, ਪਰ ਉਬੈਦੁੱਲਾ ਨੇ ਅਜਿਹਾ ਨਹੀਂ ਕੀਤਾ। ਉਸ ਨੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦੀ ਬਜਾਏ ਭਾਰਤੀ ਟੀਮ ਦਾ ਸਾਥ ਦਿੱਤਾ। ਮੌਜੂਦਾ ਹਾਲਾਤ ਵਿੱਚ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ 16 ਪਾਕਿਸਤਾਨੀ ਖਿਡਾਰੀ ਫੈਡਰੇਸ਼ਨ ਜਾਂ ਪਾਕਿਸਤਾਨ ਸਪੋਰਟਸ ਬੋਰਡ ਤੋਂ ਆਗਿਆ ਲਏ ਬਿਨਾਂ ਨਿੱਜੀ ਤੌਰ ’ਤੇ ਬਹਿਰੀਨ ਗਏ ਸਨ।
ਉਬੈਦੁੱਲਾ ਨੇ ਮੁਆਫ਼ੀ ਮੰਗੀ
ਪਾਕਿਸਤਾਨੀ ਖਿਡਾਰੀ ਉਬੈਦੁੱਲਾ ਰਾਜਪੂਤ ਨੇ ਇਸ ਮਾਮਲੇ ’ਤੇ ਮੁਆਫੀ ਮੰਗੀ ਹੈ ਤੇ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਿਸ ਟੀਮ ਵਿੱਚ ਉਸ ਨੂੰ ਜਗ੍ਹਾ ਦਿੱਤੀ ਗਈ ਹੈ, ਉਸ ਦਾ ਨਾਂ ਭਾਰਤ ਦੇ ਨਾਂ ’ਤੇ ਰੱਖਿਆ ਗਿਆ ਹੈ। ਉਸ ਨੇ ਪ੍ਰਬੰਧਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਂ ਵਰਤਣ ਤੋਂ ਮਨ੍ਹਾ ਵੀ ਕੀਤਾ ਸੀ।

