Trilateral Defense Pact: ਸਾਊਦੀ ਅਰਬ ’ਚ ਫ਼ੌਜਾਂ ਦੀ ਤਾਇਨਾਤੀ ਲਈ ਪਾਕਿ ਤੇ ਤੁਰਕੀ ਸਹਿਮਤ
ਮੱਕਾ ਅਲਾਇੰਸ ਫਾਰ ਡਿਫੈਂਸ’ ਦੀ ਹੰਗਾਮੀ ਮੀਟਿੰਗ ਦੌਰਾਨ ਹੋਇਆ ਫ਼ੈਸਲਾ
ਪਾਕਿਸਤਾਨ ਤੇ ਤੁਰਕੀ ਖਾੜੀ ਮੁੁਲਕਾਂ ਉੱਤੇ ਹੂਤੀ ਹਮਲਿਆਂ ਦਰਮਿਆਨ ਤਿੰਨ ਧਿਰੀ ਰੱਖਿਆ ਸਮਝੌਤੇ ਤਹਿਤ ਸਾਊਦੀ ਅਰਬ ਵਿੱਚ ਆਪਣੇ ਸਲਾਮਤੀ ਦਸਤੇ ਤਾਇਨਾਤ ਕਰਨ ਲਈ ਸਹਿਮਤ ਹੋ ਗਏ ਹਨ। ਸਾਂਝੇ ਬਿਆਨ ਮੁਤਾਬਕ ਤਿੰਨਾਂ ਮੁਲਕਾਂ ਨੇ ਖੇਤਰੀ ਮੁੱਦਿਆਂ ਅਤੇ ਸਾਊਦੀ ਅਰਬ ਨੂੰ ਦਰਪੇਸ਼ ਖ਼ਤਰਿਆਂ ਨੂੰ ਮੁਖ਼ਾਤਿਬ ਹੋਣ ਲਈ ਸੋਮਵਾਰ ਨੂੰ ਰਿਆਧ ਵਿੱਚ ‘ਮੱਕਾ ਅਲਾਇੰਸ ਫਾਰ ਡਿਫੈਂਸ’ ਦੀ ਰਣਨੀਤਕ ਰਾਜਨੀਤਕ ਅਤੇ ਰੱਖਿਆ ਕਮੇਟੀ (ਐੱਸ ਪੀ ਡੀ ਸੀ) ਦੀ ਹੰਗਾਮੀ ਮੀਟਿੰਗ ਸੱਦੀ ਸੀ।
ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਅਗਸਤ ਵਿੱਚ ਤਿੰਨ ਧਿਰੀ ਰੱਖਿਆ ਸਮਝੌਤਾ ਸਹੀਬੰਦ ਕੀਤਾ ਸੀ, ਜਿਸ ਦਾ ਮੁੱਖ ਮਕਸਦ ਬਾਹਰੀ ਹਮਲੇ ਦੇ ਟਾਕਰੇ ਲਈ ਚੌਖਟਾ ਕਾਇਮ ਕਰਨਾ ਸੀ। ਸਮਝੌਤੇ ਤਹਿਤ ਤੈਅ ਕੀਤਾ ਗਿਆ ਕਿ ਉਨ੍ਹਾਂ ਵਿੱਚੋਂ ਕਿਸੇ ਵੀ ਇੱਕ ਮੁਲਕ ’ਤੇ ਹਥਿਆਰਬੰਦ ਹਮਲੇ ਨੂੰ ਸਾਰਿਆਂ ’ਤੇ ਹਮਲਾ ਮੰਨਿਆ ਜਾਵੇਗਾ।
ਐੱਸ ਪੀ ਡੀ ਸੀ ਨੇ ਸੋਮਵਾਰ ਨੂੰ ਬੈਠਕ ਤੋਂ ਪਹਿਲਾਂ ਹੋਈ ਸਿਆਸੀ ਤੇ ਫ਼ੌਜੀ ਗੱਲਬਾਤ ਦੇ ਨਤੀਜਿਆਂ ਦੀ ਸਮੀਖਿਆ ਕੀਤੀ ਅਤੇ ਸੌਂਪੀਆਂ ਗਈਆਂ ਸਿਫ਼ਾਰਸ਼ਾਂ ਨੂੰ ਹਰੀ ਝੰਡੀ ਦਿੱਤੀ। ਕਮੇਟੀ ਨੇ ਪੁਸ਼ਟੀ ਕੀਤੀ ਕਿ ਮੱਕਾ ਸਮਝੌਤਾ ਸਮੂਹਿਕ ਰੱਖਿਆ ਅਤੇ ਖ਼ਤਰਿਆਂ ਦੇ ਟਾਕਰੇ ਲਈ ਇਕਜੁੱਟ ਰੁਖ਼ ਅਪਣਾਉਣ ਦੇ ਮਜ਼ਬੂਤ ਅਹਿਦ ਨੂੰ ਦਰਸਾਉਂਦਾ ਹੈ। ਬਿਆਨ ਵਿੱਚ ਹਾਲਾਂਕਿ ਫ਼ੌਜਾਂ ਦੀ ਤਾਇਨਾਤੀ ਬਾਰੇ ਕਿਸੇ ਤਰ੍ਹਾਂ ਦਾ ਵੇਰਵਾ ਨਹੀਂ ਦਿੱਤਾ ਗਿਆ। ਬੈਠਕ ਵਿਚ ਪਾਕਿਸਤਾਨ ਵੱਲੋਂ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ, ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਤੇ ਥਲ ਸੈਨਾ ਮੁਖੀ ਫੀਲਡ ਮਾਰਸ਼ਲ ਆਸਿਮ ਮੁਨੀਰ ਸ਼ਾਮਲ ਸਨ।
ਸਾਊਦੀ ਅਰਬ ਦੇ ਦੋ ਹਵਾਈ ਅੱਡਿਆਂ ’ਤੇ ਹਮਲੇ
ਦੁਬਈ: ਸਾਊਦੀ ਅਰਬ ਨੇ ਕਿਹਾ ਹੈ ਕਿ ਯਮਨ ਹੂਤੀ ਬਾਗ਼ੀਆਂ ਨਾਲ ਜਾਰੀ ਟਕਰਾਅ ਦਰਮਿਆਨ ਉਸ ਦੇ ਦੋ ਹਵਾਈ ਅੱਡਿਆਂ ਉੱਤੇ ਸੱਜਰੇ ਹਮਲਿਆਂ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਫ਼ਲਸਤੀਨੀ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਗਾਜ਼ਾ ਸ਼ਹਿਰ ਉੱਤੇ ਇਜ਼ਰਾਇਲੀ ਹਵਾਈ ਹਮਲਿਆਂ ਵਿੱਚ ਇਕ ਵਿਅਕਤੀ ਮਾਰਿਆ ਗਿਆ। ਹਮਾਸ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ’ਤੇ ਕੀਤੇ ਹਮਲਿਆਂ ਤੋਂ ਕਰੀਬ ਤਿੰਨ ਸਾਲ ਬਾਅਦ ਮੱਧ ਪੂਰਬ ਵਿੱਚ ਟਕਰਾਅ ਜਾਰੀ ਹੈ, ਜੋ ਇਰਾਨ, ਲਿਬਨਾਨ, ਸੀਰੀਆ ਤੇ ਯਮਨ ਸਣੇ ਖ਼ਿੱਤੇ ਵਿੱਚ ਫੈਲ ਚੁੱਕਾ ਹੈ। -ਏਪੀ

