ਬੰਗਲਾਦੇਸ਼ ਦੀ ਥਾਂ ਆਪਣੇ ਮੈਚਾਂ ਵੱਲ ਧਿਆਨ ਦੇਵੇ ਪਾਕਿ ਟੀਮ: ਵਸੀਮ ਅਕਰਮ
ਭਾਰਤ ਵਿੱਚ ਕੋਈ ਸੁਰੱਖਿਆ ਚਿੰਤਾਵਾਂ ਨਹੀਂ: ਅਜ਼ਹਰੂਦੀਨ; ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਮੌਕਾ ਮਿਲਣ ਦੇ ਚਰਚੇ
ਬੰਗਲਾਦੇਸ਼ ਤੇ ਆਈਸੀਸੀ ਵਿਚਕਾਰ ਆਗਾਮੀ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੀ ਸ਼ਮੂਲੀਅਤ ਨੂੰ ਲੈ ਕੇ ਚੱਲ ਰਹੇ ਟਕਰਾਅ ਦਰਮਿਆਨ ਪਾਕਿਸਤਾਨ ਦੇ ਮਹਾਨ ਗੇਂਦਬਾਜ਼ ਵਸੀਮ ਅਕਰਮ ਨੇ ਕਥਿਤ ਆਪਣੀ ਕੌਮੀ ਟੀਮ ਨੂੰ ਸ਼ਾਂਤ ਰਹਿਣ ਅਤੇ ਸ੍ਰੀਲੰਕਾ ਵਿੱਚ ਹੋਣ ਵਾਲੇ ਆਪਣੇ ਮੈਚਾਂ ਵੱਲ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ। ਕਾਬਿਲੇਗੌਰ ਹੈ ਕਿ ਅਜਿਹੀ ਚਰਚਾ ਹੈ ਕਿ ਬੰਗਲਾਦੇਸ਼ ਦੇ ਟੀ20 ਵਿਸ਼ਵ ਕੱਪ ਤੋਂ ਲਾਂਭੇ ਹੋਣ ਦੀ ਸਥਿਤੀ ਵਿਚ ਉਸ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਜਲਦੀ ਹੀ ਇਸ ਸਬੰਧੀ ਐਲਾਨ ਹੋ ਸਕਦਾ ਹੈ।
ਬੰਗਲਾਦੇਸ਼ ਦੇ ਟੂਰਨਾਮੈਂਟ ਤੋਂ ਲਾਂਭੇ ਹੋਣ ਤੋਂ ਬਾਅਦ ਪਾਕਿਸਤਾਨ ਬਾਰੇ ਕੁਝ ਅਫਵਾਹਾਂ ਦਾ ਜਵਾਬ ਦਿੰਦੇ ਹੋਏ ਅਕਰਮ ਨੇ ਕਿਹਾ, ‘‘ਪਾਕਿਸਤਾਨ ਟੀ-20 ਵਿਸ਼ਵ ਕੱਪ ਦਾ ਬਾਈਕਾਟ ਕਰਨ ਬਾਰੇ ਕਿਉਂ ਸੋਚ ਰਿਹਾ ਹੈ ਕਿਉਂਕਿ ਬੰਗਲਾਦੇਸ਼ ਖੇਡਣਾ ਨਹੀਂ ਚਾਹੁੰਦਾ? ਬੰਗਲਾਦੇਸ਼ ਨੇ ਪਾਕਿਸਤਾਨ ਕ੍ਰਿਕਟ ਲਈ ਕੀ ਕੀਤਾ ਹੈ? ਮੈਨੂੰ ਇਸ ਵਿੱਚ ਕੋਈ ਮਤਲਬ ਨਹੀਂ ਦਿਖਦਾ। ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਖ਼ੁਦ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਖੇਡ ਵੱਲ ਧਿਆਨ ਦਿਓ ਤੇ ਵਿਸ਼ਵ ਕੱਪ ਜਿੱਤਣ ਦੀ ਕੋਸ਼ਿਸ਼ ਕਰੋ।’’
ਇਸ ਦੌਰਾਨ ਭਾਰਤ ਵਿੱਚ ਆਪਣੇ ਮੈਚਾਂ ਦਾ ਵਿਰੋਧ ਕਰਕੇ ਵਿਸ਼ਵ ਕੱਪ ਤੋਂ ਲਾਂਭੇ ਹੋਣ ਦੇ ਬੰਗਲਾਦੇਸ਼ ਦੇ ਫੈਸਲੇ ਦਾ ਕੁਝ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਗੁੱਸਾ ਮਨਾਇਆ ਹੈ। ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਬੰਗਲਾਦੇਸ਼ ਟੀ-20 ਵਿਸ਼ਵ ਕੱਪ 2026 ਤੋਂ ਹਟ ਜਾਂਦਾ ਹੈ ਤਾਂ ਉਹ ਹਾਰਨ ਵਾਲੀ ਇੱਕੋ ਇੱਕ ਟੀਮ ਹੋਵੇਗੀ। ਅਜ਼ਹਰੂਦੀਨ ਨੇ ਦੁਹਰਾਇਆ ਕਿ ਭਾਰਤ ਵਿੱਚ ਕੋਈ ਸੁਰੱਖਿਆ ਚਿੰਤਾਵਾਂ ਨਹੀਂ ਹਨ। ਸਾਬਕਾ ਕਪਤਾਨ ਨੇ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਜੇਕਰ ਉਹ ਨਹੀਂ ਆਉਂਦੇ, ਤਾਂ ਇਹ ਉਨ੍ਹਾਂ ਦਾ ਨੁਕਸਾਨ ਹੈ। ਉਹ ਸਾਡੀ ਸੁਰੱਖਿਆ ਪ੍ਰਣਾਲੀ ਬਾਰੇ ਸ਼ਿਕਾਇਤ ਨਹੀਂ ਕਰ ਸਕਦੇ। ਬਹੁਤ ਸਾਰੇ ਅੰਤਰਰਾਸ਼ਟਰੀ ਮੈਚ ਚੱਲ ਰਹੇ ਹਨ, ਅਤੇ ਕਿਸੇ ਵੀ ਟੀਮ ਨੇ ਸ਼ਿਕਾਇਤ ਨਹੀਂ ਕੀਤੀ ਹੈ। ਜੇਕਰ ਉਹ ਨਹੀਂ ਆਉਂਦੇ, ਤਾਂ ਇਹ ਉਨ੍ਹਾਂ ਦਾ ਨੁਕਸਾਨ ਹੋਵੇਗਾ ਅਤੇ ਉਨ੍ਹਾਂ ਦੇ ਖਿਡਾਰੀਆਂ ਦਾ ਨੁਕਸਾਨ ਹੋਵੇਗਾ। ਸਾਡਾ ਦੇਸ਼ ਬਹੁਤ ਸੁਰੱਖਿਅਤ ਹੈ। ਸਾਰੀਆਂ ਟੀਮਾਂ ਖੇਡ ਰਹੀਆਂ ਹਨ। ਨਿਊਜ਼ੀਲੈਂਡ ਇਸ ਸਮੇਂ ਭਾਰਤ ਵਿੱਚ ਖੇਡ ਰਿਹਾ ਹੈ, ਅਤੇ ਦੱਖਣੀ ਅਫਰੀਕਾ ਕੁਝ ਦਿਨ ਪਹਿਲਾਂ ਹੀ ਖੇਡਿਆ ਸੀ।’’
ਏਐਨਆਈ ਦੀਆਂ ਰਿਪੋਰਟਾਂ ਅਨੁਸਾਰ ਚੇਅਰਮੈਨ ਜੈ ਸ਼ਾਹ ਦੀ ਅਗਵਾਈ ਵਾਲੀ ਆਈਸੀਸੀ, ਬੰਗਲਾਦੇਸ਼ ਵਿਰੁੱਧ ਸਖ਼ਤ ਕਾਰਵਾਈ ਕਰਨ ’ਤੇ ਵਿਚਾਰ ਕਰ ਰਹੀ ਹੈ। ਜੈ ਸ਼ਾਹ ਕਥਿਤ ਤੌਰ ’ਤੇ ਦੁਬਈ ਵਿੱਚ ਹਨ ਅਤੇ ਇਸ ਮੁੱਦੇ ’ਤੇ ਜਲਦੀ ਹੀ ਅੰਤਿਮ ਫੈਸਲਾ ਹੋਣ ਦੀ ਉਮੀਦ ਹੈ।
ਬੰਗਲਾਦੇਸ਼ ਦੇ ਟੈਸਟ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਭਾਰਤ ਵਿੱਚ ਟੀ-20 ਵਿਸ਼ਵ ਕੱਪ 2026 ਨਾ ਖੇਡਣ ਦੇ ਦੇਸ਼ ਦੇ ਰੁਖ਼ ਦੇ ਵਿਚਕਾਰ ਬੰਗਲਾਦੇਸ਼ ਦੇ ਖਿਡਾਰੀਆਂ ਦੇ ਭਵਿੱਖ ਬਾਰੇ ਫਿਕਰ ਜਤਾਇਆ ਹੈ। ਬੰਗਲਾਦੇਸ਼ ਸਥਿਤ ਆਊਟਲੈੱਟ ‘ਦਿ ਡੇਲੀ ਸਟਾਰ’ ਅਨੁਸਾਰ ਸ਼ਾਂਤੋ ਨੇ ਕਿਹਾ, ‘‘ਇੱਕ ਖਿਡਾਰੀ ਵਜੋਂ ਭਵਿੱਖ ਬਾਰੇ ਕੁਝ ਚਿੰਤਾ ਜ਼ਰੂਰ ਹੈ ਕਿਉਂਕਿ ਅਸੀਂ ਬੇਯਕੀਨੀ ਦਾ ਸਾਹਮਣਾ ਕਰਦੇ ਹਾਂ। ਇਹ ਸਿਰਫ਼ ਮੈਂ ਨਹੀਂ ਹਾਂ; ਹਰ ਕੋਈ ਬੇਯਕੀਨੀ ਦੀ ਸਥਿਤੀ ਵਿੱਚ ਹੈ। ਮੈਂ ਇੰਚਾਰਜਾਂ, ਕ੍ਰਿਕਟ ਬੋਰਡ ਅਤੇ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ (ਘਰੇਲੂ ਕਲੱਬ ਕ੍ਰਿਕਟ 'ਤੇ) ਸਮਝੌਤਾ ਕਰਨ ਤਾਂ ਜੋ ਕ੍ਰਿਕਟ ਸੁਚਾਰੂ ਢੰਗ ਨਾਲ ਜਾਰੀ ਰਹਿ ਸਕੇ।’’

