ਪਾਕਿਸਤਾਨ ਸਰਕਾਰ ਨੇ ਕੌਮੀ ਹਾਕੀ ਟੀਮ ਦੇ ਕਪਤਾਨ ਅਮਾਦ ਸ਼ਕੀਲ ਬੱਟ ’ਤੇ ਲੱਗੀ ਦੋ ਸਾਲ ਦੀ ਪਾਬੰਦੀ ‘ਗੈ਼ਰ-ਕਾਨੂੰਨੀ ਅਤੇ ਗੈ਼ਰ-ਸੰਵਿਧਾਨਕ’ ਦੱਸਦਿਆਂ ਰੱਦ ਕਰ ਦਿੱਤੀ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ ਐੱਚ ਐੱਫ) ਦੇ ਸਾਬਕਾ ਪ੍ਰਧਾਨ ਤਾਰਿਕ ਬੁਗਤੀ ਨੇ ਵੀਰਵਾਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਐਨ ਪਹਿਲਾਂ ਇਹ ਪਾਬੰਦੀ ਲਾਈ ਸੀ। ਬੁਗਤੀ ਨੇ ਇਹ ਕਾਰਵਾਈ ਕਪਤਾਨ ਵੱਲੋਂ ਆਸਟਰੇਲੀਆ ਦੌਰੇ ਦੌਰਾਨ ਫੈਡਰੇਸ਼ਨ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਆਵਾਜ਼ ਚੁੱਕਣ ਕਾਰਨ ਕੀਤੀ ਸੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ ਨਿਯੁਕਤ ਅੰਤਰਿਮ ਪ੍ਰਧਾਨ ਮੁਹਿਊਦੀਨ ਅਹਿਮਦ ਵਾਨੀ ਨੇ ਅਹੁਦਾ ਸੰਭਾਲਦਿਆਂ ਹੀ ਬੁਗਤੀ ਦਾ ਫ਼ੈਸਲਾ ਪਲਟ ਦਿੱਤਾ।
ਜ਼ਿਕਰਯੋਗ ਹੈ ਕਿ ਆਸਟਰੇਲੀਆ ਤੋਂ ਪਰਤਣ ਮਗਰੋਂ ਕਪਤਾਨ ਬੱਟ ਅਤੇ ਹੋਰ ਸੀਨੀਅਰ ਖਿਡਾਰੀਆਂ ਨੇ ਫੈਡਰੇਸ਼ਨ ਦੀ ਪੋਲ ਖੋਲ੍ਹ ਦਿੱਤੀ ਸੀ। ਖਿਡਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਸਪੋਰਟਸ ਬੋਰਡ (ਪੀ ਐੱਸ ਬੀ) ਵੱਲੋਂ ਹੋਟਲ ਲਈ 1 ਕਰੋੜ ਰੁਪਏ ਜਾਰੀ ਕਰਨ ਦੇ ਬਾਵਜੂਦ ਟੀਮ ਨੂੰ ਕਿਰਾਏ ਦੇ ਮਕਾਨਾਂ ਵਿੱਚ ਰੁਕਣਾ ਪਿਆ। ਹਾਲਾਤ ਇਹ ਸਨ ਕਿ ਮੈਚ ਖੇਡਣ ਤੋਂ ਪਹਿਲਾਂ ਖਿਡਾਰੀਆਂ ਨੂੰ ਰਸੋਈ ਸਾਫ਼ ਕਰਨੀ ਪੈਂਦੀ ਸੀ ਅਤੇ ਜੂਠੇ ਭਾਂਡੇ ਮਾਂਜਣੇ ਪੈਂਦੇ ਸਨ। ਖਿਡਾਰੀ ਸੜਕਾਂ ’ਤੇ ਵੀ ਰੁਲਦੇ ਰਹੇ। ਬੱਟ ਨੇ ਖਿਡਾਰੀਆਂ ਨੂੰ ਪਿਛਲੇ ਸਾਲ ਤੋਂ ਰੋਜ਼ਾਨਾ ਭੱਤੇ ਨਾ ਮਿਲਣ ਦੇ ਵੀ ਦੋਸ਼ ਲਾਏ। ਬੁਗਤੀ ਨੇ ਆਪਣੀ ਨਾਕਾਮੀ ਲੁਕਾਉਣ ਲਈ ਉਲਟਾ ਖਿਡਾਰੀਆਂ ’ਤੇ ਹੀ ਅਨੁਸ਼ਾਸਨਹੀਣਤਾ ਦੇ ਦੋਸ਼ ਲਾ ਦਿੱਤੇ ਸਨ। ਹੁਣ ਪ੍ਰਧਾਨ ਮੰਤਰੀ ਨੇ ਬੁਗਤੀ ਦਾ ਅਸਤੀਫ਼ਾ ਮਨਜ਼ੂਰ ਕਰਦਿਆਂ ਵਾਨੀ ਨੂੰ ਐਡਹਾਕ ਪ੍ਰਧਾਨ ਅਤੇ ਬ੍ਰਿਗੇਡੀਅਰ ਮੁਸਰਤੁੱਲਾ ਨੂੰ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ।

