DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਓਲੰਪਿਕ ਪੋਡੀਅਮ: ਸਿਦਕ, ਸਿਰੜ ਤੇ ਸੁਪਨਿਆਂ ਦਾ ਸਿਖਰ

ਓਲੰਪਿਕ ਖੇਡਾਂ ਵਿੱਚੋਂ ਤਗ਼ਮਾ ਜਿੱਤਣਾ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਕਿਸੇ ਸਿਰੜੀ ਖਿਡਾਰੀ ਵੱਲੋਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ, ਸਾਲਾਂਬੱਧੀ ਕੀਤੇ ਸਖ਼ਤ ਅਭਿਆਸ ਅਤੇ ਘਾਲਣਾ ਦਾ ਸਾਰਥਿਕ ਸਿੱਟਾ ਹੁੰਦਾ ਹੈ। ਜਦੋਂ ਕੋਈ ਐਥਲੀਟ ਖੇਡ ਦੀ ਬਾਰੀਕੀ,...

  • fb
  • twitter
  • whatsapp
  • whatsapp
Advertisement

ਓਲੰਪਿਕ ਖੇਡਾਂ ਵਿੱਚੋਂ ਤਗ਼ਮਾ ਜਿੱਤਣਾ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹ ਕਿਸੇ ਸਿਰੜੀ ਖਿਡਾਰੀ ਵੱਲੋਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਦਿਆਂ, ਸਾਲਾਂਬੱਧੀ ਕੀਤੇ ਸਖ਼ਤ ਅਭਿਆਸ ਅਤੇ ਘਾਲਣਾ ਦਾ ਸਾਰਥਿਕ ਸਿੱਟਾ ਹੁੰਦਾ ਹੈ। ਜਦੋਂ ਕੋਈ ਐਥਲੀਟ ਖੇਡ ਦੀ ਬਾਰੀਕੀ, ਨਵੀਨਤਮ ਤਕਨੀਕਾਂ ਅਤੇ ਆਧੁਨਿਕ ਵਿਗਿਆਨਕ ਢੰਗਾਂ ਨੂੰ ਮਾਹਿਰ ਕੋਚਾਂ ਦੀ ਨਿਗਰਾਨੀ ਹੇਠ ਅਪਣਾਉਂਦਾ ਹੈ, ਤਾਂ ਨਿਰਸੰਦੇਹ ਮੁਕਾਬਲੇ ਦੌਰਾਨ ਉਸ ਦਾ ਪ੍ਰਦਰਸ਼ਨ ਲਾਜਵਾਬ ਹੁੰਦਾ ਹੈ। ਇਸੇ ਸਿਖਰਲੇ ਪ੍ਰਦਰਸ਼ਨ ਦੇ ਦਮ ’ਤੇ ਉਹ ਜਿੱਤ ਹਾਸਲ ਕਰਕੇ ਓਲੰਪਿਕ ਦੇ ਵੱਕਾਰੀ ਪੋਡੀਅਮ ਤੱਕ ਪਹੁੰਚਦਾ ਹੈ। ਆਮ ਭਾਸ਼ਾ ਵਿੱਚ ‘ਵਿਕਟਰੀ ਸਟੈਂਡ’ ਜਾਂ ‘ਜੇਤੂ ਮੰਚ’ ਵਜੋਂ ਜਾਣਿਆ ਜਾਂਦਾ ਓਲੰਪਿਕ ਪੋਡੀਅਮ ਸਿਰਫ਼ ਲੱਕੜ ਜਾਂ ਧਾਤ ਦਾ ਬਣਿਆ ਇੱਕ ਨਿਰਜਿੰਦ ਢਾਂਚਾ ਨਹੀਂ ਹੈ। ਇਹ ਦੁਨੀਆ ਭਰ ਦੇ ਐਥਲੀਟਾਂ ਦੀ ਸਾਲਾਂ ਦੀ ਮਿਹਨਤ, ਹੰਝੂਆਂ, ਪਸੀਨੇ ਅਤੇ ਬੇਮਿਸਾਲ ਕੁਰਬਾਨੀਆਂ ਦਾ ਸਿਖਰ ਹੁੰਦਾ ਹੈ। ਇਸ ਮੰਚ ’ਤੇ ਖੜ੍ਹ ਕੇ ਮੈਡਲ ਹਾਸਲ ਕਰਨਾ ਕਿਸੇ ਵੀ ਖਿਡਾਰੀ ਲਈ ਜ਼ਿੰਦਗੀ ਦਾ ਸਭ ਤੋਂ ਗੌਰਵਮਈ ਪਲ ਹੁੰਦਾ ਹੈ। ਵਿਸ਼ਵ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ ਵਿੱਚ ਭਾਗ ਲੈਣ ਵਾਲੇ ਹਜ਼ਾਰਾਂ ਐਥਲੀਟਾਂ ਦਾ ਇੱਕੋ-ਇੱਕ ਸੁਪਨਾ ਇਸ ਤਿੰਨ ਪੌੜੀਆਂ ਵਾਲੇ ਢਾਂਚੇ ’ਤੇ ਖੜ੍ਹੇ ਹੋਣਾ ਹੁੰਦਾ ਹੈ। ਜਦੋਂ ਕੋਈ ਜੇਤੂ ਇਸ ’ਤੇ ਕਦਮ ਰੱਖਦਾ ਹੈ, ਤਾਂ ਉਹ ਸਿਰਫ਼ ਇੱਕ ਤਗ਼ਮਾ ਨਹੀਂ ਜਿੱਤਦਾ, ਸਗੋਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਆਪਣਾ ਨਾਂ ਸਦਾ ਲਈ ਦਰਜ ਕਰਵਾ ਲੈਂਦਾ ਹੈ।

ਇਸ ਪੋਡੀਅਮ ਦੀ ਬਣਤਰ ਬਹੁਤ ਸਧਾਰਨ ਪਰ ਬੇਹੱਦ ਅਰਥਪੂਰਨ ਹੈ। ਇਸ ਦੇ ਤਿੰਨ ਵੱਖ-ਵੱਖ ਪੱਧਰ ਮਨੁੱਖੀ ਪ੍ਰਾਪਤੀ ਦੀਆਂ ਮੰਜ਼ਿਲਾਂ ਨੂੰ ਦਰਸਾਉਂਦੇ ਹਨ। ਪੋਡੀਅਮ ਦਾ ਸਭ ਤੋਂ ਉੱਚਾ ਕੇਂਦਰੀ ਹਿੱਸਾ ਸੋਨ ਤਗ਼ਮਾ ਜੇਤੂ ਲਈ ਹੁੰਦਾ ਹੈ, ਜੋ ਸਫ਼ਲਤਾ ਦੀ ਚੋਟੀ ਦਾ ਪ੍ਰਤੀਕ ਹੈ। ਇਸ ਦੇ ਸੱਜੇ ਪਾਸੇ ਚਾਂਦੀ ਦੇ ਤਗ਼ਮਾ ਜੇਤੂ ਲਈ ਥੋੜ੍ਹਾ ਨੀਵਾਂ ਪੱਧਰ ਹੁੰਦਾ ਹੈ ਅਤੇ ਖੱਬੇ ਪਾਸੇ ਕਾਂਸੀ ਦੇ ਤਗ਼ਮਾ ਜੇਤੂ ਲਈ ਸਭ ਤੋਂ ਹੇਠਲਾ ਸਥਾਨ ਹੁੰਦਾ ਹੈ। ਇਹ ਪੌੜੀਆਂ ਸਿਰਫ਼ ਉਚਾਈ ਦਾ ਫ਼ਰਕ ਨਹੀਂ, ਸਗੋਂ ਖਿਡਾਰੀ ਦੇ ਸੰਘਰਸ਼ਮਈ ਸਫ਼ਰ ਦੀ ਅਮੀਰ ਦਾਸਤਾਨ ਬਿਆਨ ਕਰਦੀਆਂ ਹਨ। ਇਹ ਰਸਤਾ ਆਸਾਨ ਨਹੀਂ ਹੁੰਦਾ, ਸਗੋਂ ਇਸ ਪਿੱਛੇ ਐਥਲੀਟ ਦੀਆਂ ਦਹਾਕਿਆਂ ਦੀਆਂ ਨੀਂਦਾਂ ਅਤੇ ਸਖ਼ਤ ਘਾਲਣਾ ਛੁਪੀ ਹੁੰਦੀ ਹੈ। ਜਦੋਂ ਕੋਈ ਖਿਡਾਰੀ ਉਸ ਵੱਕਾਰੀ ਮੰਚ ’ਤੇ ਖੜ੍ਹਦਾ ਹੈ, ਤਾਂ ਉਸ ਦੇ ਜ਼ਿਹਨ ਵਿੱਚ ਉਹ ਹਜ਼ਾਰਾਂ ਸਵੇਰਾਂ ਘੁੰਮ ਜਾਂਦੀਆਂ ਹਨ, ਜਦੋਂ ਉਹ ਸੂਰਜ ਦੇ ਜਾਗਣ ਤੋਂ ਵੀ ਪਹਿਲਾਂ ਉੱਠ ਕੇ ਮੈਦਾਨ ਵਿੱਚ ਪਸੀਨਾ ਵਹਾਉਂਦਾ ਸੀ। ਸਰੀਰਕ ਸੱਟਾਂ-ਫੇਟਾਂ ਦਾ ਦਰਦ, ਹਾਰਾਂ ਦੇ ਨਿਰਾਸ਼ਾਜਨਕ ਪਲ, ਪਰਿਵਾਰ ਤੋਂ ਲੰਮੀ ਦੂਰੀ ਅਤੇ ਸਵਾਦਲੇ ਭੋਜਨਾਂ ਤੋਂ ਪਰਹੇਜ਼- ਇਹ ਸਭ ਉਸ ਪੋਡੀਅਮ ਦੇ ਇੱਕ-ਇੱਕ ਇੰਚ ਵਿੱਚ ਸਮਾਏ ਹੁੰਦੇ ਹਨ।

Advertisement

ਮਨੋਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਓਲੰਪਿਕ ਪੋਡੀਅਮ ’ਤੇ ਖੜ੍ਹੇ ਹੋਣਾ ਆਤਮ-ਸੰਤੁਸ਼ਟੀ ਦਾ ਸਿਖਰ ਹੈ। ਪਰ ਇੱਥੇ ਮਾਨਸਿਕਤਾ ਦਾ ਇੱਕ ਦਿਲਚਸਪ ਪਹਿਲੂ ਵੀ ਉੱਭਰਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਾਂਸੀ ਤਗ਼ਮਾ ਜੇਤੂ ਖਿਡਾਰੀ, ਚਾਂਦੀ ਤਗ਼ਮਾ ਜੇਤੂ ਨਾਲੋਂ ਵਧੇਰੇ ਖ਼ੁਸ਼ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਕਾਂਸੀ ਜਿੱਤਣ ਵਾਲਾ ਸੰਤੁਸ਼ਟ ਹੁੰਦਾ ਹੈ ਕਿ ਉਸ ਨੇ ਮੈਡਲ ਜਿੱਤਿਆ ਹੈ ਅਤੇ ਉਹ ਖ਼ਾਲੀ ਹੱਥ ਘਰ ਨਹੀਂ ਮੁੜ ਰਿਹਾ। ਦੂਜੇ ਪਾਸੇ, ਚਾਂਦੀ ਜਿੱਤਣ ਵਾਲੇ ਦੇ ਮਨ ਵਿੱਚ ਇਹ ਅਫ਼ਸੋਸ ਰਹਿ ਜਾਂਦਾ ਹੈ ਕਿ ਉਹ ‘ਸੋਨ ਤਗ਼ਮੇ’ ਤੋਂ ਬੱਸ ਇੱਕ ਕਦਮ ਖੁੰਝ ਗਿਆ। ਪੋਡੀਅਮ ਇਨਸਾਨੀ ਮਾਨਸਿਕਤਾ ਦੇ ਇਨ੍ਹਾਂ ਬਾਰੀਕ ਵਲਵਲਿਆਂ ਨੂੰ ਵੀ ਬਾਖ਼ੂਬੀ ਉਜਾਗਰ ਕਰਦਾ ਹੈ। ਇੱਕ ਐਥਲੀਟ ਭਲੀਭਾਂਤ ਜਾਣਦਾ ਹੈ ਕਿ ਜੋ ਹੱਡ-ਭੰਨਵੀਂ ਮਿਹਨਤ ਉਸ ਨੇ ਕੀਤੀ ਹੈ, ਉਹੀ ਉਸ ਦੇ ਵਿਰੋਧੀ ਨੇ ਵੀ ਕੀਤੀ ਹੈ। ਪੋਡੀਅਮ ’ਤੇ ਮਿਲਾਏ ਹੱਥ ਅਤੇ ਪਾਈਆਂ ਜੱਫੀਆਂ ਅਸਲ ਵਿੱਚ ਮਨੁੱਖਤਾ ਦੀ ਜਿੱਤ ਦਾ ਸੁਨੇਹਾ ਦਿੰਦੀਆਂ ਹਨ।

Advertisement

ਓਲੰਪਿਕ ਪੋਡੀਅਮ ਦਾ ਸਭ ਤੋਂ ਭਾਵੁਕ ਪਲ ਉਹ ਹੁੰਦਾ ਹੈ, ਜਦੋਂ ਸੋਨ ਤਗ਼ਮਾ ਜੇਤੂ ਦੇ ਦੇਸ਼ ਦਾ ਰਾਸ਼ਟਰੀ ਝੰਡਾ ਉੱਪਰ ਉੱਠਦਾ ਹੈ ਅਤੇ ਰਾਸ਼ਟਰੀ ਗਾਣ ਦੀ ਧੁਨ ਗੂੰਜਦੀ ਹੈ। ਇਸ ਪਲ ਐਥਲੀਟਾਂ ਦੀਆਂ ਅੱਖਾਂ ਵੀ ਛਲਕ ਪੈਂਦੀਆਂ ਹਨ। ਇਹ ਹੰਝੂ ਨਿਰੀ ਖ਼ੁਸ਼ੀ ਦੇ ਨਹੀਂ, ਸਗੋਂ ਉਸ ਮਾਣਮੱਤੇ ਕੌਮੀ ਅਹਿਸਾਸ ਦੇ ਹੁੰਦੇ ਹਨ, ਜੋ ਇੱਕ ਖਿਡਾਰੀ ਆਪਣੇ ਦੇਸ਼ ਲਈ ਮਹਿਸੂਸ ਕਰਦਾ ਹੈ। ਜਦੋਂ ਕੋਈ ਭਾਰਤੀ ਐਥਲੀਟ ਪੋਡੀਅਮ ’ਤੇ ਖੜ੍ਹਦਾ ਹੈ ਅਤੇ ‘ਜਨ ਗਣ ਮਨ’ ਗੂੰਜਦਾ ਹੈ, ਤਾਂ 140 ਕਰੋੜ ਭਾਰਤੀਆਂ ਦੇ ਦਿਲ ਉਸ ਨਾਲ ਧੜਕਦੇ ਹਨ। ਦਿਲਚਸਪ ਤੱਥ ਇਹ ਹੈ ਕਿ ਮੌਜੂਦਾ ਪੋਡੀਅਮ ਦਾ ਇਤਿਹਾਸ ਬਹੁਤਾ ਪੁਰਾਣਾ ਨਹੀਂ ਹੈ। 1896 ਦੀਆਂ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਵਿੱਚ ਜੇਤੂਆਂ ਨੂੰ ਪੋਡੀਅਮ ’ਤੇ ਖੜ੍ਹੇ ਕਰਨ ਦੀ ਕੋਈ ਪ੍ਰਥਾ ਨਹੀਂ ਸੀ। ਇਸ ਦੀ ਪਹਿਲੀ ਅਧਿਕਾਰਤ ਵਰਤੋਂ 1932 ਦੀਆਂ ਲੇਕ ਪਲੇਸਿਡ (ਨਿਊਯਾਰਕ) ਸਰਦੀਆਂ ਦੀਆਂ ਓਲੰਪਿਕ ਖੇਡਾਂ ਦੌਰਾਨ ਹੋਈ। ਉਸੇ ਸਾਲ ਲਾਸ ਏਂਜਲਸ ਦੀਆਂ ਗਰਮੀਆਂ ਦੀਆਂ ਖੇਡਾਂ ਵਿੱਚ ਇਸ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਗਿਆ।

ਅੱਜ-ਕੱਲ੍ਹ ਹਰ ਮੇਜ਼ਬਾਨ ਦੇਸ਼ ਆਪਣੇ ਸੱਭਿਆਚਾਰ ਮੁਤਾਬਕ ਪੋਡੀਅਮ ਦਾ ਡਿਜ਼ਾਈਨ ਤਿਆਰ ਕਰਦਾ ਹੈ; ਜਿਵੇਂ ਟੋਕੀਓ-2020 ਵਿੱਚ ਰੀਸਾਈਕਲ ਕੀਤੇ ਪਲਾਸਟਿਕ ਤੋਂ ਪੋਡੀਅਮ ਬਣਾ ਕੇ ਵਾਤਾਵਰਣ ਸੰਭਾਲ ਦਾ ਵੱਡਾ ਸੰਦੇਸ਼ ਦਿੱਤਾ ਗਿਆ ਸੀ। ਇਤਿਹਾਸ ਗਵਾਹ ਹੈ ਕਿ ਇਹ ਪੋਡੀਅਮ ਸਿਰਫ਼ ਤਗ਼ਮੇ ਲੈਣ ਲਈ ਹੀ ਨਹੀਂ, ਸਗੋਂ ਦੁਨੀਆ ਨੂੰ ਵੱਡੇ ਸਮਾਜਿਕ ਸੁਨੇਹੇ ਦੇਣ ਲਈ ਵੀ ਵਰਤਿਆ ਗਿਆ ਹੈ। 1968 ਦੀਆਂ ਮੈਕਸੀਕੋ ਓਲੰਪਿਕਸ ਦੌਰਾਨ ਅਮਰੀਕੀ ਅਥਲੀਟਾਂ- ਟੌਮੀ ਸਮਿਥ ਅਤੇ ਜੌਨ ਕਾਰਲੋਸ ਨੇ ਪੋਡੀਅਮ ’ਤੇ ਕਾਲੇ ਦਸਤਾਨੇ ਪਾ ਕੇ ਅਤੇ ਹੱਥ ਉੱਪਰ ਚੁੱਕ ਕੇ ਨਸਲੀ ਵਿਤਕਰੇ ਵਿਰੁੱਧ ਇਤਿਹਾਸਕ ਵਿਰੋਧ ਦਰਜ ਕਰਵਾਇਆ ਸੀ। ਇਸੇ ਤਰ੍ਹਾਂ, ਜਦੋਂ ਜਰਮਨ ਤਾਨਾਸ਼ਾਹ ਹਿਟਲਰ ਨਾਜ਼ੀ ਨਸਲ ਦੀ ਸਰਵੋਤਮਤਾ ਦਾ ਪ੍ਰਚਾਰ ਕਰ ਰਿਹਾ ਸੀ, ਤਾਂ ਅਸ਼ਵੇਤ ਦੌੜਾਕ ਜੈਸੀ ਓਵਨਜ਼ ਨੇ ਲਗਾਤਾਰ 4 ਸੋਨ ਤਗ਼ਮੇ ਜਿੱਤੇ ਅਤੇ ਪੋਡੀਅਮ ’ਤੇ ਵਾਰ-ਵਾਰ ਖੜ੍ਹੇ ਹੋ ਕੇ ਸਾਬਤ ਕੀਤਾ ਕਿ ਪ੍ਰਤਿਭਾ ਕਿਸੇ ਰੰਗ ਜਾਂ ਨਸਲ ਦੀ ਮੁਹਤਾਜ ਨਹੀਂ ਹੁੰਦੀ। ਓਲੰਪਿਕ ਪੋਡੀਅਮ ਸਿਰਫ਼ ਖੇਡ ਮੁਕਾਬਲਿਆਂ ਦਾ ਅੰਤ ਨਹੀਂ, ਸਗੋਂ ਨਵੀਆਂ ਉਮੀਦਾਂ ਦੀ ਸ਼ੁਰੂਆਤ ਹੈ।

ਇਹ ਸਾਨੂੰ ਸਿਖਾਉਂਦਾ ਹੈ ਕਿ ਸਫ਼ਲਤਾ ਦੇ ਸਿਖਰ ’ਤੇ ਪਹੁੰਚਣ ਲਈ ਕਦਮ-ਦਰ-ਕਦਮ ਸੰਘਰਸ਼ ਕਰਨਾ ਪੈਂਦਾ ਹੈ। ਜਿੰਨੀ ਦੇਰ ਦੁਨੀਆ ਵਿੱਚ ਖੇਡਾਂ ਜਿਊਂਦੀਆਂ ਰਹਿਣਗੀਆਂ, ਪੋਡੀਅਮ ਦੀ ਮਹੱਤਤਾ ਅਤੇ ਇਸ ਦਾ ਸਤਿਕਾਰ ਬਣਿਆ ਰਹੇਗਾ। ਇਹ ਹਮੇਸ਼ਾ ਮਨੁੱਖ ਨੂੰ ਆਪਣੀਆਂ ਸੀਮਾਵਾਂ ਤੋਂ ਪਾਰ ਜਾ ਕੇ ਕੁਝ ਵੱਖਰਾ ਕਰਨ ਦੀ ਪ੍ਰੇਰਨਾ ਦਿੰਦਾ ਰਹੇਗਾ। ਪੋਡੀਅਮ ’ਤੇ ਬਿਤਾਏ ਉਹ ਕੁਝ ਮਿੰਟ ਇੱਕ ਖਿਡਾਰੀ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੇ ਹਨ, ਜੋ ਉਸ ਨੂੰ ਇਤਿਹਾਸ ਵਿੱਚ ਅਮਰ ਕਰ ਦਿੰਦੇ ਹਨ। ਜਦੋਂ ਕੋਈ ਬੱਚਾ ਟੀਵੀ ’ਤੇ ਆਪਣੇ ਦੇਸ਼ ਦੇ ਖਿਡਾਰੀ ਨੂੰ ਇਸ ਮੰਚ ’ਤੇ ਖੜ੍ਹਾ ਦੇਖਦਾ ਹੈ, ਤਾਂ ਉਸ ਦੇ ਮਨ ਵਿੱਚ ਵੀ ਇੱਕ ਖ਼ੂਬਸੂਰਤ ਸੁਪਨਾ ਜਨਮ ਲੈਂਦਾ ਹੈ। ਇਹ ਪੋਡੀਅਮ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਾਹੇ ਪੈਣ ਤੋਂ ਰੋਕ ਕੇ ਖੇਡ ਮੈਦਾਨਾਂ ਵੱਲ ਮੋੜਨ ਦੀ ਤਾਕਤ ਰੱਖਦਾ ਹੈ। ਜਦੋਂ ਸਾਡੇ ਦੇਸ਼ ਦੇ ਮਾਣਮੱਤੇ ਖਿਡਾਰੀ ਜਿਵੇਂ ਨੀਰਜ ਚੋਪੜਾ ਜਾਂ ਪੀ ਵੀ ਸਿੰਧੂ ਪੋਡੀਅਮ ’ਤੇ ਖੜ੍ਹਦੇ ਹਨ, ਤਾਂ ਉਹ ਸਿਰਫ਼ ਤਗ਼ਮਾ ਨਹੀਂ ਜਿੱਤਦੇ, ਸਗੋਂ ਭਾਰਤ ਦੀਆਂ ਗਲੀਆਂ-ਮੁਹੱਲਿਆਂ ਵਿੱਚ ਖੇਡ ਰਹੇ ਹਜ਼ਾਰਾਂ ‘ਭਵਿੱਖ ਦੇ ਚੈਂਪੀਅਨਾਂ’ ਦੇ ਮਨਾਂ ਵਿੱਚ ਇਹ ਵਿਸ਼ਵਾਸ ਜਗਾਉਂਦੇ ਹਨ ਕਿ ‘ਜੇ ਅਸੀਂ ਇੱਥੇ ਪਹੁੰਚ ਸਕਦੇ ਹਾਂ, ਤਾਂ ਤੁਸੀਂ ਵੀ ਪਹੁੰਚ ਸਕਦੇ ਹੋ।’

ਸੰਪਰਕ: 94176-65241

Advertisement
×