ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ. ਨਗਰ (ਮੁਹਾਲੀ), 21 ਸਤੰਬਰ
ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਭਲਕੇ 22 ਸਤੰਬਰ ਨੂੰ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਵੇਗਾ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਅਤੇ ਭਾਰਤ ਦੇ ਦੋ ਮੈਚਾਂ ਲਈ ਕਪਤਾਨੀ ਕਰ ਰਹੇ ਕੇ.ਐੱਲ. ਰਾਹੁਲ ਦੀ ਅਗਵਾਈ ਹੇਠ ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਅੱਜ ਮੁਹਾਲੀ ਸਥਿਤ ਸਟੇਡੀਅਮ ਵਿੱਚ ਅਭਿਆਸ ਕੀਤਾ। ਇਸ ਮੌਕੇ ਹਾਜ਼ਰ ਦੋਵਾਂ ਟੀਮਾਂ ਦੇ ਕੋਚਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪੋ-ਆਪਣੀ ਟੀਮ ਦੀ ਜਿੱਤ ਦਾ ਦਾਅਵਾ ਕੀਤਾ। ਦੋਵੇਂ ਟੀਮਾਂ ਨੇ ਕਪਤਾਨਾਂ ਨੇ ਖਿਡਾਰੀਆਂ ਨਾਲ ਮੁਹਾਲੀ ਤੋਂ ਜੇਤੂ ਸ਼ੁਰੂਆਤ ਕਰਨ ਲਈ ਰਣਨੀਤੀ ਵੀ ਘੜੀ। ਮੈਚ ਸ਼ੁੱਕਰਵਾਰ ਨੂੰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ ਅਤੇ ਮੈਚ ਵੇਖਣ ਲਈ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਦਰਸ਼ਕਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਅਤੇ ਪਾਰਕਿੰਗ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ।