ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚੋਂ ਬਾਹਰ ਕੱਢਣ ਬਾਅਦ ਭਾਰਤ ਦੇ ਇਕ ਰੋਜ਼ਾ ਕੌਮਾਂਤਰੀ ਅਤੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਅੱਜ ਕਿਹਾ ਕਿ ਉਹ ਚੋਣਕਾਰਾਂ ਦੇ ਫੈਸਲੇ ਦਾ ਸਤਿਕਾਰ ਕਰਦਾ ਹੈ ਅਤੇ ਜਦੋਂ ਵੀ ਮੌਕਾ ਮਿਲੇਗਾ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ’ਤੇ ਧਿਆਨ ਦੇਵੇਗਾ।
26 ਸਾਲਾ ਗਿੱਲ ਨੂੰ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਨਹੀਂ ਚੁਣਿਆ ਗਿਆ। ਉਸ ਨੇ ਭਾਰਤ ਲਈ 36 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ 138.59 ਦੀ ਸਟ੍ਰਾਈਕ ਰੇਟ ਅਤੇ 28.03 ਦੀ ਔਸਤ ਨਾਲ 869 ਦੌੜਾਂ ਬਣਾਈਆਂ ਹਨ।
ਇੱਥੇ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਮੈਚ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿੱਲ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਸੇ ਥਾਂ ’ਤੇ ਹਾਂ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ ਅਤੇ ਮੇਰੀ ਕਿਸਮਤ ਵਿੱਚ ਜੋ ਵੀ ਲਿਖਿਆ ਹੈ, ਉਹ ਮੇਰੇ ਕੋਲੋਂ ਕੋਈ ਨਹੀਂ ਖੋਹ ਸਕਦਾ। ਜ਼ਾਹਿਰ ਹੈ ਕਿ ਖਿਡਾਰੀ ਦੇ ਤੌਰ ’ਤੇ ਤੁਹਾਡਾ ਇਹ ਵਿਸ਼ਵਾਸ ਹੁੰਦਾ ਹੈ ਕਿ ਜੇ ਤੁਸੀਂ ਵਿਸ਼ਵ ਕੱਪ ਵਿੱਚ ਖੇਡਦੇ ਹੋ, ਤਾਂ ਤੁਸੀਂ ਆਪਣੀ ਟੀਮ ਨੂੰ ਜਿਤਾਓਗੇ ਅਤੇ ਆਪਣੇ ਦੇਸ਼ ਲਈ ਜਿੱਤ ਹਾਸਲ ਕਰੋਗੇ। ਇਹ ਕਹਿਣ ਦੇ ਬਾਵਜੂਦ ਮੈਂ ਚੋਣਕਾਰਾਂ ਦੇ ਫੈ਼ਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਟੀ-20 ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਦਿਲੋਂ ਉਮੀਦ ਕਰਦਾ ਹਾਂ ਕਿ ਉਹ ਸਾਡੇ ਲਈ ਵਿਸ਼ਵ ਕੱਪ ਜਿੱਤ ਕੇ ਆਉਣ।’’ ਉਸ ਨੇ ਕਿਹਾ, ‘‘ਖਿਡਾਰੀ ਵਜੋਂ ਸਭ ਕੁਝ ਵਰਤਮਾਨ ਵਿੱਚ ਜਿਊਣ ਬਾਰੇ ਹੈ। ਤੁਸੀਂ ਜਿੰਨਾ ਜ਼ਿਆਦਾ ਵਰਤਮਾਨ ਵਿੱਚ ਰਹੋਗੇ, ਭਾਵੇਂ ਤੁਸੀਂ ਮੈਦਾਨ ਵਿੱਚ ਹੋਵੋ, ਓਨਾ ਹੀ ਘੱਟ ਤੁਸੀਂ ਇਸ ਬਾਰੇ ਸੋਚੋਗੇ ਕਿ ਕੀ ਹੋਣ ਵਾਲਾ ਹੈ ਜਾਂ ਪਿਛਲੇ ਪਲ ਵਿੱਚ ਕੀ ਹੋ ਚੁੱਕਾ ਹੈ। ਇਹ ਗੱਲ ਤੁਹਾਨੂੰ ਸਫ਼ਲ ਹੋਣ ਦੇ ਵਧੇਰੇ ਮੌਕੇ ਦਿੰਦੀ ਹੈ।’’

