ਨਿਊਜ਼ੀਲੈਂਡ ਆਖ਼ਰੀ 8 ਵਿੱਚ ਪੁੱਜਾ
ਕੈਨੇਡਾ ਨੂੰ ਅੱਠ ਵਿਕਟਾਂ ਨਾਲ ਹਰਾਇਆ; ਯੁਵਰਾਜ ਸੈਂਕੜਾ ਜੜਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣਿਆ
ਨਿਊਜ਼ੀਲੈਂਡ ਨੇ ਆਈ ਸੀ ਸੀ ਟੀ-20 ਵਿਸ਼ਵ ਕੱਪ ਦੇ ਗਰੁੱਪ ‘ਡੀ’ ਮੈਚ ਵਿੱਚ ਕੈਨੇਡਾ ਨੂੰ 29 ਗੇਂਦਾਂ ਬਾਕੀ ਰਹਿੰਦਿਆਂ ਅੱਠ ਵਿਕਟਾਂ ਨਾਲ ਹਰਾ ਕੇ ਸੁਪਰ 8 ਵਿੱਚ ਆਪਣੀ ਥਾਂ ਪੱਕੀ ਕੀਤੀ ਹੈ। ਯੁਵਰਾਜ ਸਮਰਾ ਇਸ ਟੂਰਨਾਮੈਂਟ ਵਿੱਚ ਸੈਂਕੜਾ ਮਾਰਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ। ਭਾਰਤ ਦੇ ਵਿਸ਼ਵ ਕੱਪ ਜੇਤੂ ਹਰਫਨਮੌਲਾ ਯੁਵਰਾਜ ਸਿੰਘ ਦੇ ਨਾਮ ’ਤੇ 19 ਸਾਲਾ ਸਮਰਾ ਦਾ ਨਾਮ ਰੱਖਿਆ ਗਿਆ ਸੀ ਅਤੇ ਉਸ ਨੇ ਆਪਣੇ ਨਾਮ ਨੂੰ ਸਹੀ ਸਾਬਤ ਕਰਦਿਆਂ ਆਖ਼ਰੀ ਓਵਰ ਵਿੱਚ ਆਊਟ ਹੋਣ ਤੋਂ ਪਹਿਲਾਂ 65 ਗੇਂਦਾਂ ’ਤੇ 110 ਦੌੜਾਂ ਬਣਾਈਆਂ। ਇਸ ਵਿੱਚ 11 ਚੌਕੇ ਅਤੇ ਛੇ ਛੱਕੇ ਸ਼ਾਮਲ ਹਨ। ਉਸ ਨੇ ਕਪਤਾਨ ਦਿਲਪ੍ਰੀਤ ਬਾਜਵਾ (39 ਗੇਂਦਾਂ ’ਤੇ 36 ਦੌੜਾਂ) ਨਾਲ ਪਹਿਲੀ ਵਿਕਟ ਲਈ 116 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਕੈਨੇਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ’ਤੇ 173 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ 15.1 ਓਵਰਾਂ ਵਿੱਚ ਦੋ ਵਿਕਟਾਂ ’ਤੇ 176 ਦੌੜਾਂ ਬਣਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ। ਗਲੇਨ ਫਿਲਿਪਸ ਨੇ 36 ਗੇਂਦਾਂ ’ਤੇ ਚਾਰ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ ਨਾਬਾਦ 76 ਦੌੜਾਂ ਦੀ ਪਾਰੀ ਖੇਡੀ। ਉਸ ਨੇ ਰਚਿਨ ਰਵਿੰਦਰ (39 ਗੇਂਦਾਂ ’ਤੇ ਨਾਬਾਦ 59 ਦੌੜਾਂ) ਨਾਲ 146 ਦੌੜਾਂ ਦੀ ਸਾਂਝੇਦਾਰੀ ਕੀਤੀ।
ਨਿਊਜ਼ੀਲੈਂਡ ਨੇ ਚਾਰ ਮੈਚਾਂ ਵਿੱਚ ਛੇ ਅੰਕਾਂ ਨਾਲ ਗਰੁੱਪ ਗੇੜ ਵਿੱਚ ਆਪਣੀ ਮੁਹਿੰਮ ਖ਼ਤਮ ਕੀਤੀ ਹੈ। ਉਹ ਗਰੁੱਪ ‘ਡੀ’ ਵਿੱਚ ਦੱਖਣੀ ਅਫਰੀਕਾ ਮਗਰੋਂ ਦੂਜੇ ਸਥਾਨ ’ਤੇ ਹੈ। ਨਿਊਜ਼ੀਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਚੌਥੇ ਓਵਰ ਤੱਕ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਟਿਮ ਸੀਫਰਟ (ਛੇ ਦੌੜਾਂ) ਅਤੇ ਫਿਨ ਐਲਨ (21 ਦੌੜਾਂ) ਦੀਆਂ ਵਿਕਟਾਂ ਗੁਆ ਲਈਆਂ ਸਨ।

