ਮੀਂਹ ਦੀ ਭੇਟ ਚੜ੍ਹਿਆ ਨਿਊਜ਼ੀਲੈਂਡ-ਪਾਕਿ ਮੈਚ
ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇਡ਼ ’ਚ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ
ਇੱਥੇ ਅੱਜ ਨਿਊਜ਼ੀਲੈਂਡ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਦੇ ਗਰੁੱਪ-2 ਦਾ ਪਹਿਲਾ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ, ਜਿਸ ਮਗਰੋਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਂਹ ਸ਼ੁਰੂ ਹੋ ਗਿਆ। ਅੰਪਾਇਰਾਂ ਨੂੰ ਬਿਨਾਂ ਕੋਈ ਗੇਂਦ ਸੁੱਟੇ ਮੈਚ ਰੱਦ ਕਰਨਾ ਪਿਆ। ਪਾਕਿਸਤਾਨ ਨੇ ਆਪਣੀ ਟੀਮ ਵਿੱਚ ਇੱਕ ਬਦਲਾਅ ਕਰਦਿਆਂ ਖਵਾਜਾ ਨਾਫੇ ਦੀ ਜਗ੍ਹਾ ਫਖਰ ਜ਼ਮਾਨ ਨੂੰ ਸ਼ਾਮਲ ਕੀਤਾ ਸੀ। ਦੂਜੇ ਪਾਸੇ ਨਿਊਜ਼ੀਲੈਂਡ ਨੇ ਕਪਤਾਨ ਮਿਸ਼ੇਲ ਸੈਂਟਨਰ, ਲੋਕੀ ਫਰਗੂਸਨ ਅਤੇ ਇਸ਼ ਸੋਢੀ ਦੀ ਵਾਪਸੀ ਨਾਲ ਤਿੰਨ ਬਦਲਾਅ ਕੀਤੇ ਸਨ।
ਹੁਣ ਪਾਕਿਸਤਾਨ ਦਾ ਅਗਲਾ ਮੁਕਾਬਲਾ 24 ਫਰਵਰੀ ਨੂੰ ਇੰਗਲੈਂਡ ਨਾਲ ਹੋਵੇਗਾ, ਜਦਕਿ ਨਿਊਜ਼ੀਲੈਂਡ 25 ਫਰਵਰੀ ਨੂੰ ਕੋਲੰਬੋ ਵਿੱਚ ਮੇਜ਼ਬਾਨ ਸ੍ਰੀਲੰਕਾ ਨਾਲ ਭਿੜੇਗਾ। ਇਸ ਮੈਚ ਦੇ ਰੱਦ ਹੋਣ ਨਾਲ ਦੋਵਾਂ ਟੀਮਾਂ ਲਈ ਸੈਮੀਫਾਈਨਲ ਦੀ ਰਾਹ ਮੁਸ਼ਕਲ ਹੋ ਸਕਦੀ ਹੈ, ਕਿਉਂਕਿ ਜੇ ਆਉਣ ਵਾਲੇ ਮੈਚਾਂ ਵਿੱਚ ਮੌਸਮ ਖਰਾਬ ਰਿਹਾ ਜਾਂ ਹਾਰ ਮਿਲੀ ਤਾਂ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ।

