Netherlands ਨੇ Tunisia ਨੂੰ 3-1 ਨਾਲ ਹਰਾਇਆ
ਗਰੁੱਪ ‘ਐੱਫ’ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ; ਤੁਰਕੀ ਨੇ ਅਮਰੀਕਾ ਨੂੰ 3-2 ਨਾਲ ਮਾਤ ਦਿੱਤੀ
ਬ੍ਰਾਇਨ ਬ੍ਰੌਬੀ ਨੇ ਫੁਟਬਾਲ ਆਲਮੀ ਕੱਪ ਵਿੱਚ ਆਪਣਾ ਤੀਜਾ ਗੋਲ ਕੀਤਾ, ਜਦਕਿ ਨੈਦਰਲੈਂਡਜ਼ ਨੂੰ ਦੋ ਗੋਲ ਟਿਊਨੀਸ਼ੀਆ ਦੇ ਖਿਡਾਰੀਆਂ ਨਾਲ ਟਕਰਾ ਕੇ ਉਨ੍ਹਾਂ ਦੇ ਆਪਣੇ ਹੀ ਨੈੱਟ ਵਿੱਚ ਗੇਂਦ ਜਾਣ (ਆਤਮਘਾਤੀ ਗੋਲ) ਕਾਰਨ ਮਿਲੇ। ਇਸ ਦੀ ਬਦੌਲਤ ਡੱਚ ਟੀਮ ਨੇ ਵੀਰਵਾਰ ਰਾਤ ਮੀਂਹ ਦਰਮਿਆਨ 3-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਗਰੁੱਪ ‘ਐੱਫ’ ਦੀ ਜੇਤੂ ਵਜੋਂ ਨੌਕਆਊਟ ਗੇੜ ’ਚ ਜਗ੍ਹਾ ਬਣਾਈ।
ਨੈਦਰਲੈਂਡਜ਼ ਨੇ ਦਿਨ ਦੀ ਸ਼ੁਰੂਆਤ ਜਪਾਨ ਦੇ ਨਾਲ ਗਰੁੱਪ ਵਿੱਚ ਬਰਾਬਰੀ ’ਤੇ ਰਹਿੰਦਿਆਂ ਕੀਤੀ ਸੀ ਪਰ ਜਦੋਂ ਆਰਲਿੰਗਟਨ, ਟੈਕਸਸ ਵਿੱਚ ਜਪਾਨ ਦੀ ਟੀਮ ਸਮੁਰਾਈ ਬਲੂ ਸਵੀਡਨ ਵਿਰੁੱਧ ਸਿਰਫ਼ 1-1 ਨਾਲ ਡਰਾਅ ਹੀ ਖੇਡ ਸਕੀ, ਤਾਂ ਇਸ ਨਾਲ ਵਰਜਿਲ ਵੈਨ ਡਾਈਕ ਅਤੇ ਉਸ ਦੇ ਸਾਥੀ ਖਿਡਾਰੀਆਂ ਦਾ ਰਸਤਾ ਸਾਫ਼ ਹੋ ਗਿਆ। ਹੁਣ ਸੋਮਵਾਰ ਨੂੰ ਉਨ੍ਹਾਂ ਦਾ ਮੁਕਾਬਲਾ ਗਰੁੱਪ ‘ਸੀ’ ਦੀ ਉਪ ਜੇਤੂ ਟੀਮ ਮੋਰੱਕੋ ਨਾਲ ਹੋਵੇਗਾ, ਜਦਕਿ ਜਪਾਨ ਨੂੰ ਰਾਊਂਡ ਆਫ 32 ਵਿੱਚ ਮਜ਼ਬੂਤ ਬ੍ਰਾਜ਼ੀਲ ਦੀ ਟੀਮ ਨਾਲ ਭਿੜਨ ਦੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਦੂਜੇ ਪਾਸੇ, ਟਿਊਨੀਸ਼ੀਆ ਦੀ ਟੀਮ ਜਿਸ ਨੇ ਆਲਮੀ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਹਾਰ ਤੋਂ ਬਾਅਦ ਆਪਣੇ ਕੋਚ ਨੂੰ ਬਰਖ਼ਾਸਤ ਕਰ ਦਿੱਤਾ ਸੀ, ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ।
ਇਸੇ ਦੌਰਾਨ ਇਕ ਹੋਰ ਮੈਚ ਵਿੱਚ ਕਾਨ ਆਯਹਾਨ ਨੇ ਮੈਚ ਦੀ ਬਿਲਕੁਲ ਆਖ਼ਰੀ ਕਿੱਕ ’ਤੇ ਗੋਲ ਕੀਤਾ, ਜਿਸ ਸਦਕਾ ਤੁਰਕੀ ਨੇ ਵੀਰਵਾਰ ਰਾਤ ਅਮਰੀਕਾ ਨੂੰ 3-2 ਨਾਲ ਹਰਾ ਕੇ ਆਲਮੀ ਕੱਪ ਵਿੱਚ ਆਪਣੀ ਇਕਲੌਤੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਅਮਰੀਕੀ ਟੀਮ ਲਈ ਔਸਟਨ ਟਰੱਸਟੀ ਨੇ ਤੀਜੇ ਮਿੰਟ ਵਿੱਚ ਗੋਲ ਦਾਗ਼ਿਆ ਅਤੇ ਸੈਬੇਸਟੀਅਨ ਬੇਰਹਾਲਟਰ ਨੇ ਦੂਜੇ ਅੱਧ ਦੇ ਸ਼ੁਰੂ ਵਿੱਚ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ ਸੀ। ਅਮਰੀਕਾ ਪਹਿਲਾਂ ਹੀ ਪੈਰਾਗੁਏ ਅਤੇ ਆਸਟਰੇਲੀਆ ਵਿਰੁੱਧ ਜਿੱਤਾਂ ਦਰਜ ਕਰ ਕੇ ਗਰੁੱਪ ‘ਡੀ’ ਵਿੱਚ ਚੋਟੀ ਦਾ ਸਥਾਨ ਹਾਸਲ ਕਰ ਚੁੱਕਾ ਹੈ।
1-1 ਨਾਲ ਡਰਾਅ ਖੇਡ ਕੇ ਜਪਾਨ ਤੇ ਸਵੀਡਨ ਨਾਕਆਊਟ ’ਚ ਪੁੱਜੇ
ਆਰਲਿੰਗਟਨ/ਸੈਂਟਾ ਕਲਾਰਾ (ਅਮਰੀਕਾ): ਦਾਈਜ਼ੇਨ ਮਾਇਦਾ ਨੇ ਜਪਾਨ ਨੂੰ ਲੀਡ ਦਿਵਾਈ, ਪਰ ਐਂਥਨੀ ਇਲਾਂਗਾ ਨੇ ਛੇ ਮਿੰਟ ਬਾਅਦ ਹੀ ਸਵੀਡਨ ਲਈ ਗੋਲ ਕਰ ਕੇ ਇਸ ਨੂੰ ਬਰਾਬਰ ਕਰ ਦਿੱਤਾ। ਇਸ ਬਦੌਲਤ ਵੀਰਵਾਰ ਰਾਤ ਸਵੀਡਨ ਨੇ 1-1 ਨਾਲ ਡਰਾਅ ਖੇਡਿਆ, ਜਿਸ ਨੇ ਦੋਵਾਂ ਟੀਮਾਂ ਨੂੰ ਆਲਮੀ ਕੱਪ ਦੇ ਨਾਕਆਊਟ ਗੇੜ ਵਿੱਚ ਪਹੁੰਚਾ ਦਿੱਤਾ। ਮੈਚ ਦੇ 62ਵੇਂ ਮਿੰਟ ਵਿੱਚ ਬਾਕਸ ਦੇ ਸੱਜੇ ਕੋਨੇ ਦੇ ਬਿਲਕੁਲ ਬਾਹਰੋਂ ਇਲਾਂਗਾ ਵੱਲੋਂ ਖੱਬੇ ਪੈਰ ਨਾਲ ਲਾਇਆ ਗਿਆ ਸ਼ਾਨਦਾਰ ਸਟ੍ਰਾਈਕ ਇਸ ਸਾਲ ਦੇ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਦੂਜਾ ਗੋਲ ਸੀ। ਇਲਾਂਗਾ ਨੇ ਨਿਊਕਾਸਲ ਲਈ 49 ਮੈਚਾਂ ਵਿੱਚ ਸਿਰਫ਼ ਤਿੰਨ ਗੋਲ ਕੀਤੇ ਹਨ, ਪਰ ਪ੍ਰੀਮੀਅਰ ਲੀਗ ਦੇ 32 ਮੈਚਾਂ ’ਚ ਉਸ ਦਾ ਇੱਕ ਵੀ ਗੋਲ ਨਹੀਂ ਹੈ। ਇਸੇ ਦੌਰਾਨ ਇਕ ਹੋਰ ਮੈਚ ’ਚ ਆਸਟਰੇਲੀਆ ਅਤੇ ਪੈਰਾਗੁਏ ਵਿਚਕਾਰ ਖੇਡਿਆ ਗਿਆ ਮੈਚ 0-0 ਦੀ ਬਰਾਬਰੀ ’ਤੇ ਖ਼ਤਮ ਹੋਇਆ। ਇਸ ਨਤੀਜੇ ਨੇ ਆਸਟਰੇਲੀਆ ਲਈ ਆਲਮੀ ਕੱਪ ਦੇ ਨਾਕਆਊਟ ਗੇੜ ’ਚ ਜਗ੍ਹਾ ਪੱਕੀ ਕਰ ਦਿੱਤੀ ਹੈ ਅਤੇ ਪੈਰਾਗੁਏ ਦੀ ਟੀਮ ਦੇ ਅੱਗੇ ਵਧਣ ਲਈ ਵੀ ਇਹ ਸਕੋਰ ਸੰਭਵ ਤੌਰ ’ਤੇ ਕਾਫ਼ੀ ਹੋਵੇਗਾ।
