ਲੁਧਿਆਣਾ ’ਚ ਕੌਮੀ ਸਕੂਲ ਖੇਡਾਂ 6 ਤੋਂ
ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪੁੱਜਣਗੇ ਖਿਡਾਰੀ / ਸਿੱਖਿਆ ਮੰਤਰੀ ਕਰਨਗੇ ਉਦਘਾਟਨ
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ 69ਵੀਆਂ ਕੌਮੀ ਸਕੂਲ ਖੇਡਾਂ 6 ਤੋਂ 11 ਜਨਵਰੀ ਤੱਕ ਲੁਧਿਆਣਾ ’ਚ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਦਾ ਉਦਘਾਟਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 6 ਜਨਵਰੀ ਨੂੰ ਸਵੇਰੇ 11:30 ਵਜੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿੱਚ ਕੀਤਾ ਜਾਵੇਗਾ।
ਖੇਡਾਂ ਵਿੱਚ 38 ਰਾਜਾਂ ਤੋਂ 937 ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਦੌਰਾਨ ਲੁਧਿਆਣਾ ਵਿੱਚ ਜੂਡੋ, ਤਾਈਕਵਾਂਡੋ ਅਤੇ ਗੱਤਕੇ ਦੇ ਮੁਕਾਬਲੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਹੋਣਗੇ। ਇਥੇ ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮਦਾਨ ਤੇ ਹੋਰ ਅਧਿਕਾਰੀਆਂ ਨੇ ਦੱਸਿਆ ਕਿ ਕੌਮੀ ਸਕੂਲ ਖੇਡਾਂ ਦੀਆਂ ਤਿਆਰੀਆਂ ਲਈ ਪ੍ਰਿੰਸੀਪਲਾਂ ਤੇ ਸਕੂਲ ਮੁਖੀਆਂ ਦੀਆਂ ਵੱਖ-ਵੱਖ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੰਜਾਬ ਭਰ ’ਚੋਂ 300 ਖੇਡ ਅਧਿਆਪਕਾਂ ਦੀਆਂ ਡਿਊਟੀਆਂ ਖੇਡਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਗਾਈਆਂ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ ਦੇਸ਼ ਭਰ ਦੇ 38 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 937 ਖਿਡਾਰੀਆਂ ਦੇ ਨਾਲ ਲਗਪਗ 150 ਕੋਚ ਵੀ ਪਹੁੰਚ ਰਹੇ ਹਨ। ਖੇਡਾਂ ਵਿੱਚ ਸ਼ਿਰਕਤ ਕਰਨ ਵਾਲੇ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਲੁਧਿਆਣਾ ਦੇ 36 ਸਕੂਲਾਂ ਵਿੱਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਸਕੂਲਾਂ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਖਿਡਾਰੀਆਂ ਦੀ ਸਹੂਲਤ ਲਈ ਪੀ ਏ ਯੂ ਸਕੂਲ ਵਿੱਚ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। 6 ਜਨਵਰੀ ਦੇ ਉਦਘਾਟਨੀ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਿੰਸੀਪਲ ਕੰਵਲਜੋਤ ਕੌਰ ਇਯਾਲੀ, ਪ੍ਰਿੰਸੀਪਲ ਵਿਸ਼ਵਕੀਰਤ ਕੌਰ ਕਾਹਲੋਂ, ਪ੍ਰਿੰਸੀਪਲ ਕਰਮਜੀਤ ਕੌਰ ਬੱਦੋਵਾਲ ਤੇ ਪ੍ਰਿੰਸੀਪਲ ਡਾ. ਪਰਦੀਪ ਕੁਮਾਰ ਵੀ ਹਾਜ਼ਰ ਸਨ।

