ਪੰਜਾਬ ’ਚ 40 ਸਾਲਾਂ ਬਾਅਦ ਹੋਵੇਗੀ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ
ਮੁਕਾਬਲਿਆਂ ਵਿੱਚ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 350 ਖਿਡਾਰੀ ਲੈਣਗੇ ਹਿੱਸਾ
ਪੰਜਾਬ ਬੈਡਮਿੰਟਨ ਐਸੋਸੀਏਸ਼ਨ (ਪੀ ਬੀ ਏ) ਦੇ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਸੂਬਾ 40 ਸਾਲਾਂ ਬਾਅਦ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ ਏ ਆਈ) ਨੇ 38ਵੀਂ ਸਬ-ਜੂਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਜ਼ਿੰਮੇਵਾਰੀ ਪੰਜਾਬ ਨੂੰ ਸੌਂਪੀ ਹੈ।
ਰਿਤਿਨ ਖੰਨਾ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ 9 ਤੋਂ 12 ਦਸੰਬਰ 2026 ਤੱਕ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿੱਚ ਕਰਵਾਈ ਜਾਵੇਗੀ। ਇਸ ਵਿੱਚ 33 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਪਗ 350 ਖਿਡਾਰੀ ਹਿੱਸਾ ਲੈਣਗੇ। ਪੰਜਾਬ ਵਿੱਚ ਇਸ ਤੋਂ ਪਹਿਲਾਂ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ 1987 ਵਿੱਚ ਜਲੰਧਰ ’ਚ ਹੀ ਹੋਈ ਸੀ। ਖੰਨਾ ਨੇ ਦੱਸਿਆ ਕਿ ਪੀ ਬੀ ਏ ਲਗਾਤਾਰ ਬੀ ਏ ਆਈ ਦੇ ਸੰਪਰਕ ਵਿੱਚ ਸੀ ਅਤੇ ਸਟੇਡੀਅਮ ਦੀਆਂ ਵਧੀਆ ਸੁਵਿਧਾਵਾਂ ਦੇ ਨਿਰੀਖਣ ਤੋਂ ਬਾਅਦ ਹੀ ਮੇਜ਼ਬਾਨੀ ਦਾ ਇਹ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਕੁੱਲ 10 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਇਕ ਕਰੋੜ ਰੁਪਏ ਦੀ ਲਾਗਤ ਨਾਲ ਵੱਡਾ ਸੁਧਾਰ ਕੀਤਾ ਗਿਆ ਹੈ। ਹੁਣ ਇੱਥੇ 10 ਕੋਰਟ, ਜਿਮ, ਰੈਸਟੋਰੈਂਟ, ਖੇਡ ਦੇ ਸਾਮਾਨ ਦੀਆਂ ਦੁਕਾਨਾਂ ਅਤੇ ਫਿਜ਼ਿਓਥੈਰੇਪੀ ਸੈਂਟਰ ਦੀਆਂ ਸਹੂਲਤਾਂ ਉਪਲਬਧ ਹਨ।

