ਨਾਮਧਾਰੀ ਅਕੈਡਮੀ, ਸ਼੍ਰੋਮਣੀ ਕਮੇਟੀ ਤੇ ਰਾਊਂਡ ਗਲਾਸ ਅਗਲੇ ਗੇੜ ’ਚ
ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ‘ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ’ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਪੰਜਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ ਅੰਡਰ-19 ਦੇ ਚੌਥੇ ਦਿਨ ਚੌਥੇ ਗੇੜ ਦੇ ਮੁਕਾਬਲੇ ਕਰਵਾਏ ਗਏ। ਅੱਜ ਉਚੇਚੇ ਤੌਰ ’ਤੇ ਖਾਲਸਾ ਸਕੂਲ ਅੰਬ ਸਾਹਿਬ ਫੇਜ਼ 8 ਮੁਹਾਲੀ ਤੇ ਸਰਕਾਰੀ ਸਕੂਲ ਮੌਲੀ ਬੈਦਵਾਣ ਦੇ ਵਿਦਿਆਰਥੀਆਂ ਨੇ ਮੈਚ ਦਾ ਆਨੰਦ ਮਾਣਿਆ। ਅੱਜ ਦੇ ਲੀਗ ਮੈਚਾਂ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਮਿਸਲ ਸ਼ੁੱਕਰਚੱਕੀਆ) ਅਤੇ ਰਾਊਂਡ ਗਲਾਸ (ਮਿਸਲ ਡੱਲੇਵਾਲੀਆ) ਨੇ ਜਿੱਤਾਂ ਹਾਸਲ ਕੀਤੀਆਂ।
ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਟੂਰਨਾਮੈਂਟ ਦੇ ਚੌਥੇ ਦਿਨ ਦਾ ਉਦਘਾਟਨ ਡੀ ਐੱਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੇ ਕੀਤਾ। ਪਹਿਲਾ ਮੁਕਾਬਲਾ ਨਾਮਧਾਰੀ ਸਪੋਰਟਸ ਅਕੈਡਮੀ ਤੇ ਐੱਮ ਬੀ ਐੱਸ ਹਾਕੀ ਅਕੈਡਮੀ ਸਿੰਬਲ ਕੈਂਪ ਜੰਮੂ ਵਿਚਕਾਰ ਹੋਇਆ। ਇੱਕਪਾਸੜ ਮੈਚ ਵਿੱਚ ਨਾਮਧਾਰੀਆਂ ਨੇ 10-0 ਦੇ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ। ਟੀਮ ਦੇ ਕੈਪਟਨ ਗੁਰਮਨ ਸਿੰਘ ਨੇ ਪੰਜ ਗੋਲ ਕਰ ਕੇ ‘ਮੈਨ ਆਫ ਦਿ ਮੈਚ’ ਖਿਤਾਬ ਹਾਸਲ ਕੀਤਾ। ਦੂਜਾ ਮੈਚ ਸ਼੍ਰੋਮਣੀ ਕਮੇਟੀ ਤੇ ਸੰਗਰੂਰ ਹਾਕੀ ਕਲੱਬ ਵਿਚਕਾਰ ਹੋਇਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਨੇ 3-2 ਦੇ ਫਰਕ ਨਾਲ ਜਿੱਤ ਹਾਸਲ ਕੀਤੀ।
