Congress Criticizes PM: ਮੋਦੀ ਲਈ ਦੇਸ਼ ਨਹੀਂ ‘ਖੁਦ ਦਾ ਪ੍ਰਚਾਰ’ ਪਹਿਲਾਂ: ਕਾਂਗਰਸ
ਭਾਰਤੀ ਮਲਾਹਾਂ ਦੀ ਮੌਤ ਦਾ ਮੁੱਦਾ ਟਰੰਪ ਕੋਲ ਨਾ ਚੁੱਕਣ ’ਤੇ ਪ੍ਰਧਾਨ ਮੰਤਰੀ ਨੂੰ ਘੇਰਿਆ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਮਰੀਕੀ ਹਮਲੇ ’ਚ ਤਿੰਨ ਭਾਰਤੀ ਮਲਾਹਾਂ ਦੇ ਮਾਰੇ ਜਾਣ ਦਾ ਮੁੱਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੋਲ ‘ਨਾ ਚੁੱਕਣ’ ਲਈ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਸਰਕਾਰ ਦਾ ਮੰਤਰ ‘ਦੇਸ਼ ਪਹਿਲਾਂ’ ਨਹੀਂ ਸਗੋਂ ‘ਖੁਦ ਦਾ ਪ੍ਰਚਾਰ ਪਹਿਲਾਂ’ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਅਮਰੀਕਾ ਨਾਲ ਗੱਲਬਾਤ ਕਰਦੇ ਸਮੇਂ ਦੇਸ਼ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੱਤੀ ਸੀ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀਆਂ ਡਾ. ਮਨਮੋਹਨ ਸਿੰਘ ਅਤੇ ਇੰਦਰਾ ਗਾਂਧੀ ਦਾ ਹਵਾਲਾ ਦਿੱਤਾ।
ਫਰਾਂਸ ਵਿੱਚ ਜੀ7 ਸਿਖਰ ਸੰਮੇਲਨ ਦੇ ਦੌਰਾਨ ਲੰਘੇ ਬੁੱਧਵਾਰ ਮੋਦੀ-ਟਰੰਪ ਦੀ ਦੁਵੱਲੀ ਬੈਠਕ ਅਤੇ ਉਨ੍ਹਾਂ ਵੱਲੋਂ ਦਿੱਤੇ ਜਨਤਕ ਬਿਆਨਾਂ ਦੇ ਸੰਦਰਭ ’ਚ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ, ਟਰੰਪ ਸਾਹਮਣੇ ਨਜ਼ਰਾਂ ਝੁਕਾ ਕੇ ਬੈਠੇ ਸਨ। ਸ੍ਰੀ ਖੇੜਾ ਨੇ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ, ‘‘ਉਹ ਸੋਫੇ ’ਤੇ ਸੁੰਗੜ ਕੇ ਬੈਠੇ ਸਨ ਅਤੇ ਟਰੰਪ ਨੂੰ ‘ਐਕਸੀਲੈਂਸੀ’ ਕਹਿ ਕੇ ਸੰਬੋਧਨ ਕਰ ਰਹੇ ਸਨ। ਇਹ ਸੱਚਮੁੱਚ ਸ਼ਰਮਨਾਕ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਕੰਪਨੀ ਦਾ ਏਜੰਟ ਆਪਣੇ ਮਾਲਕ ਨਾਲ ਗੱਲ ਕਰ ਰਿਹਾ ਹੋਵੇ; ਅਸੀਂ ਪਹਿਲਾਂ ਕਦੇ ਕੋਈ ਪ੍ਰਧਾਨ ਮੰਤਰੀ ਅਜਿਹਾ ਨਹੀਂ ਦੇਖਿਆ।’’ ਕਾਂਗਰਸ ਆਗੂ ਨੇ ਕਿਹਾ ਕਿ ਅਮਰੀਕਾ ਨੇ ਤਿੰਨ ਭਾਰਤੀ ਮਲਾਹਾਂ ਨੂੰ ਮਾਰ ਦਿੱਤਾ, ਫਿਰ ਵੀ ਟਰੰਪ ਨੇ ਅਫ਼ਸੋਸ ਤੱਕ ਜ਼ਾਹਰ ਨਹੀਂ ਕੀਤਾ ਕਿਉਂਕਿ ਨਰਿੰਦਰ ਮੋਦੀ ਉੱਥੇ ‘ਦੱਬੇ-ਘੁੱਟੇ’ ਬੈਠੇ ਸਨ ਅਤੇ ਸਿਰਫ਼ ਆਪਣੀ ਤਾਰੀਫ਼ ਸੁਣ ਕੇ ਹੀ ਸੰਤੁਸ਼ਟ ਸਨ।
