ਵੇਟਲਿਫਟਿੰਗ ਦੀ ਗੋਲਡਨ ਗਰਲ ਮੀਰਾਬਾਈ ਚਾਨੂ
ਮੀਰਾਬਾਈ ਚਾਨੂ ਸਾਈਖੋਮ ਵੇਟਲਿਫਟਿੰਗ ਦੀ ਦੁਨੀਆ ਵਿੱਚ ਭਾਰਤ ਦਾ ਇੱਕ ਬਹੁਤ ਹੀ ਮਾਣਮੱਤਾ ਨਾਮ ਹੈ ਜਿਸ ਨੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹੈ। ਹਾਲ ਹੀ ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ 48 ਕਿਲੋ ਭਾਰ ਵਰਗ...
ਮੀਰਾਬਾਈ ਚਾਨੂ ਸਾਈਖੋਮ ਵੇਟਲਿਫਟਿੰਗ ਦੀ ਦੁਨੀਆ ਵਿੱਚ ਭਾਰਤ ਦਾ ਇੱਕ ਬਹੁਤ ਹੀ ਮਾਣਮੱਤਾ ਨਾਮ ਹੈ ਜਿਸ ਨੇ ਕੌਮਾਂਤਰੀ ਪੱਧਰ ’ਤੇ ਦੇਸ਼ ਦਾ ਨਾਮ ਬਹੁਤ ਉੱਚਾ ਕੀਤਾ ਹੈ। ਹਾਲ ਹੀ ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਉਸ ਨੇ 48 ਕਿਲੋ ਭਾਰ ਵਰਗ ਵਿੱਚ ਤਿੰਨ ਨਵੇਂ ਰਿਕਾਰਡ ਬਣਾਉਂਦੇ ਹੋਏ ਲਗਾਤਾਰ ਤੀਜੀ ਵਾਰ ਸੋਨ ਤਗ਼ਮਾ ਜਿੱਤਿਆ ਹੈ। ਮੀਰਾਬਾਈ ਨੇ 12 ਸਾਲ ਪਹਿਲਾਂ ਗਲਾਸਗੋ ਵਿਖੇ ਹੀ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 2018 ਵਿੱਚ ਗੋਲਡ ਕੋਸਟ ਅਤੇ 2022 ਵਿੱਚ ਬਰਮਿੰਘਮ ਵਿਖੇ ਲਗਾਤਾਰ ਦੋ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਆਪਣੇ ਇਸ ਸ਼ਾਨਾਂਮੱਤੇ ਕਰੀਅਰ ਵਿੱਚ ਮੀਰਾਬਾਈ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਰਾਸ਼ਟਰਮੰਡਲ ਖੇਡਾਂ, ਰਾਸ਼ਟਰਮੰਡਲ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਅਤੇ ਸੈਫ ਖੇਡਾਂ (South Asian Federation Games) ਵਿੱਚ 9 ਸੋਨ ਤਗ਼ਮਿਆਂ ਸਮੇਤ ਕੁੱਲ 15 ਤਗ਼ਮੇ ਜਿੱਤੇ ਹਨ। ਮੀਰਾਬਾਈ ਨਾ ਸਿਰਫ਼ ਵੇਟਲਿਫਟਿੰਗ, ਬਲਕਿ ਭਾਰਤੀ ਖੇਡਾਂ ਦੇ ਮਹਾਨ ਖਿਡਾਰੀਆਂ ਦੀ ਸੂਚੀ ਵਿੱਚ ਸਿਖਰਲੇ ਨਾਵਾਂ ਵਿੱਚ ਸ਼ੁਮਾਰ ਹੈ। ਤਗ਼ਮਾ ਮਿਲਣ ਸਮੇਂ ਜਦੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਰਾਸ਼ਟਰ ਗਾਣ ਵੱਜਿਆ ਤਾਂ ਮੀਰਾਬਾਈ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ ਸਨ। ਨਿੱਕੇ ਕੱਦ ਦੀ ਸੰਗਾਊ ਅਤੇ ਸ਼ਰਮਾਕਲ ਸੁਭਾਅ ਵਾਲੀ ਮੀਰਾਬਾਈ ਦੀਆਂ ਪ੍ਰਾਪਤੀਆਂ ਪਹਾੜ ਦੀ ਟੀਸੀ ਜਿੱਡੀਆਂ ਹਨ ਜਿਸ ਥਾਂ ਉੱਤੇ ਪਹੁੰਚ ਕੇ ਵੀ ਉਸ ਦੇ ਪੱਬ ਧਰਤੀ ਉੱਤੇ ਹੀ ਹਨ। ਨਿਮਰਤਾ ਅਤੇ ਸਾਦਗੀ ਉਸ ਦੇ ਵੱਡੇ ਗੁਣ ਹਨ। ਮੀਰਾਬਾਈ ਚਾਨੂ ਦੀ ਤਗ਼ਮਿਆਂ ਦੀ ਸੁਨਹਿਰੀ ਕਹਾਣੀ ਪਿੱਛੇ ਉਸ ਦਾ ਸੰਘਰਸ਼, ਆਤਮ-ਵਿਸ਼ਵਾਸ ਅਤੇ ਡਿੱਗ ਕੇ ਮੁੜ ਖੜ੍ਹੇ ਹੋਣ ਦਾ ਜਜ਼ਬਾ ਹੈ।
ਮੀਰਾਬਾਈ ਦਾ ਜਨਮ 9 ਅਗਸਤ 1994 ਨੂੰ ਮਨੀਪੁਰ ਦੇ ਇੱਕ ਪਿੰਡ ਵਿੱਚ ਹੋਇਆ। ਛੇ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਮੀਰਾਬਾਈ ਦਾ ਬਚਪਨ ਬਹੁਤ ਗ਼ਰੀਬੀ ਵਿੱਚ ਬੀਤਿਆ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਸ ਨੂੰ ਜੰਗਲਾਂ ਤੋਂ ਲੱਕੜਾਂ ਚੁੱਕ ਕੇ ਲਿਆਉਣੀਆਂ ਪੈਂਦੀਆਂ ਸਨ। ਉਦੋਂ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਲੱਕੜੀਆਂ ਚੁੱਕਦੀ ਇਹ ਨੰਨ੍ਹੀ ਬੱਚੀ ਖੇਡਾਂ ਦੇ ਖੇਤਰ ਵਿੱਚ ਭਾਰਤ ਦੀਆਂ ਉਮੀਦਾਂ ਦਾ ਭਾਰ ਚੁੱਕਦੀ ਹੋਈ ਵਿਸ਼ਵ ਪੱਧਰ ਉੱਤੇ ਭਾਰਤ ਦਾ ਨਾਮ ਰੌਸ਼ਨ ਕਰੇਗੀ। ਖੇਡਾਂ ਵਿੱਚ ਮਨੀਪੁਰ ਭਾਰਤ ਦੇ ਸਿਖਰਲੇ ਸੂਬਿਆਂ ਵਿੱਚੋਂ ਇੱਕ ਹੈ, ਖ਼ਾਸ ਕਰਕੇ ਵੇਟਲਿਫਟਿੰਗ ਅਤੇ ਮੁੱਕੇਬਾਜ਼ੀ ਆਦਿ ਖੇਡਾਂ ਵਿੱਚ।
ਵੇਟਲਿਫਟਿੰਗ ਵਿੱਚ ਮਨੀਪੁਰ ਦੀ ਕੁੰਜਾਰਾਣੀ ਦੇਵੀ ਭਾਰਤ ਦੀ ਸਿਖਰਲੀ ਵੇਟਲਿਫਟਰ ਸੀ, ਜਿਸ ਨੇ ਸੱਤ ਵਾਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ, ਦੋ ਵਾਰ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਸੋਨੇ ਦਾ ਤਗ਼ਮਾ ਜਿੱਤਿਆ। ਕੁੰਜਾਰਾਣੀ ਦੇ ਸੁਨਹਿਰੀ ਕਰੀਅਰ ਤੋਂ ਪ੍ਰਭਾਵਿਤ ਹੋ ਕੇ ਛੋਟੀ ਮੀਰਾਬਾਈ ਵੇਟਲਿਫਟਿੰਗ ਖੇਡ ਵੱਲ ਖਿੱਚੀ ਗਈ। ਮੀਰਾਬਾਈ ਨੂੰ ਇੰਫ਼ਾਲ ਦੇ ਕੋਚਿੰਗ ਸੈਂਟਰ ਤੱਕ ਬਹੁਤ ਲੰਬਾ ਪੈਂਡਾ ਤੈਅ ਕਰਨਾ ਪਿਆ। ਸੀਮਤ ਸਾਧਨਾਂ ਨਾਲ ਅਭਿਆਸ ਕਰਦੀ ਮੀਰਾਬਾਈ ਨੇ ਆਪਣੀ ਸਖ਼ਤ ਮਿਹਨਤ ਵਿੱਚ ਕੋਈ ਕਮੀ ਨਾ ਛੱਡੀ। 19 ਵਰ੍ਹਿਆਂ ਦੀ ਉਮਰੇ ਮੀਰਾਬਾਈ ਨੂੰ ਪਹਿਲੀ ਵੱਡੀ ਸਫ਼ਲਤਾ ਮਿਲੀ, ਜਦੋਂ ਉਸ ਨੇ ਮਲੇਸ਼ੀਆ ਵਿਖੇ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਇੱਕ ਸਾਲ ਦੇ ਅੰਦਰ ਹੀ ਉਸ ਨੇ 2014 ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਅਗਲੇ ਹੀ ਸਾਲ ਪੁਣੇ ਵਿਖੇ ਹੋਈ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਅਤੇ ਸਾਲ 2016 ਵਿੱਚ ਗੁਹਾਟੀ ਵਿੱਚ ਹੋਈਆਂ ਸੈਫ ਖੇਡਾਂ (South Asian Federation Games) ਵਿੱਚ ਸੋਨੇ ਦਾ ਤਗ਼ਮਾ ਜਿੱਤਿਆ।
ਸਾਲ 2016 ਵਿੱਚ ਮੀਰਾਬਾਈ 22 ਵਰ੍ਹਿਆਂ ਦੀ ਉਮਰੇ ਓਲੰਪੀਅਨ ਬਣ ਗਈ। ਰੀਓ ਓਲੰਪਿਕ ਖੇਡਾਂ ਵਿੱਚ ਮੀਰਾਬਾਈ ਵੱਡੀਆਂ ਉਮੀਦਾਂ ਲੈ ਕੇ ਪੁੱਜੀ।
ਸਨੈਚ ਵਿੱਚ ਉਸ ਨੇ 82 ਕਿਲੋ ਭਾਰ ਚੁੱਕਿਆ ਅਤੇ ਉਹ ਛੇਵੇਂ ਸਥਾਨ ਉੱਤੇ ਚੱਲ ਰਹੀ ਸੀ। ਕਲੀਨ ਅਤੇ ਜਰਕ ਵਿੱਚ ਉਹ ਜ਼ਿਆਦਾ ਤਾਕਤਵਾਰ ਸੀ ਪਰ ਉਸ ਦੀਆਂ ਤਿੰਨੋਂ ‘ਕਲੀਨ ਅਤੇ ਜਰਕ’ ਕੋਸ਼ਿਸ਼ਾਂ ਅਸਫ਼ਲ ਰਹੀਆਂ ਅਤੇ ਓਲੰਪਿਕਸ ਤਗ਼ਮੇ ਦਾ ਸੁਫ਼ਨਾ ਟੁੱਟ ਗਿਆ। ਇੱਕ ਵਾਰ ਤਾਂ ਉਹ ਮਾਨਸਿਕ ਤੌਰ ਉੱਤੇ ਟੁੱਟ ਗਈ ਸੀ ਪਰ ਓਲੰਪਿਕਸ ਦੀ ਨਿਰਾਸ਼ਾ ਤੋਂ ਉਭਰਨ ਲਈ ਮੀਰਾਬਾਈ ਹੋਰ ਮਜ਼ਬੂਤੀ ਨਾਲ ਖੇਡ ਮੈਦਾਨ ਵਿੱਚ ਨਿੱਤਰੀ। ਉਸ ਨੇ ਹੋਰ ਸਖ਼ਤ ਮਿਹਨਤ ਕੀਤੀ ਅਤੇ ਮਨੋਵਿਗਿਆਨੀਆਂ ਦੀ ਮਦਦ ਵੀ ਲਈ। ਸਿਖਲਾਈ ਦੇ ਤੌਰ-ਤਰੀਕਿਆਂ ਵਿੱਚ ਵੀ ਸੁਧਾਰ ਕੀਤਾ, ਜਿਸ ਦੇ ਨਤੀਜੇ ਇੱਕ ਸਾਲ ਦੇ ਅੰਦਰ ਹੀ ਮਿਲਣ ਲੱਗ ਗਏ। 2017 ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਉਸ ਨੇ ਮੁੜ ਧਮਾਕੇਦਾਰ ਵਾਪਸੀ ਕੀਤੀ।
ਸਾਲ 2018 ਵਿੱਚ ਮੀਰਾਬਾਈ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ। ਗਲਾਸਗੋ ਦੇ ਚਾਂਦੀ ਦੇ ਤਗ਼ਮੇ ਨੂੰ ਉਸ ਨੇ ਗੋਲਡ ਕੋਸਟ ਵਿਖੇ ਸੋਨੇ ਦੇ ਤਗ਼ਮੇ ਵਿੱਚ ਤਬਦੀਲ ਕੀਤਾ। 2019 ਵਿੱਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਸਾਲ 2020 ਵਿੱਚ ਕੋਵਿਡ ਮਹਾਮਾਰੀ ਕਾਰਨ ਓਲੰਪਿਕ ਖੇਡਾਂ ਸਮੇਤ ਕਈ ਖੇਡਾਂ ਇੱਕ ਸਾਲ ਲਈ ਅੱਗੇ ਪੈ ਗਈਆਂ। ਇਹ ਸਮਾਂ ਖਿਡਾਰੀਆਂ ਲਈ ਦੋਹਰੀ ਪ੍ਰੀਖਿਆ ਦਾ ਸੀ। ਇੱਕ ਪਾਸੇ ਖੇਡ ਮੁਕਾਬਲੇ ਬੰਦ ਹੋਣ ਕਾਰਨ ਅਗਲੇ ਮੁਕਾਬਲਿਆਂ ਲਈ ਆਪਣੇ ਆਪ ਨੂੰ ਫਿੱਟ ਰੱਖਣ ਦੀ ਚੁਣੌਤੀ ਸੀ ਅਤੇ ਦੂਜਾ ਮਹਾਮਾਰੀ ਦਾ ਮੁਕਾਬਲਾ ਵੀ ਕਰਨਾ ਸੀ। ਉੱਪਰੋਂ ਪ੍ਰੈਕਟਿਸ ਦੇ ਢੰਗ-ਤਰੀਕੇ ਵੀ ਬਦਲ ਗਏ ਸਨ। ਸਾਲ 2021 ਮੀਰਾਬਾਈ ਦੇ ਖੇਡ ਕਰੀਅਰ ਦਾ ਸਿਖਰ ਸੀ। ਤਾਸ਼ਕੰਦ ਵਿੱਚ ਹੋਈ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਮੀਰਾਬਾਈ ਨੇ ਕਾਂਸੀ ਦਾ ਤਗ਼ਮਾ ਜ਼ਰੂਰ ਜਿੱਤਿਆ ਪਰ ਕਲੀਨ ਅਤੇ ਜਰਕ ਵਿੱਚ 119 ਕਿਲੋ ਭਾਰ ਚੁੱਕ ਕੇ ਉਸ ਨੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਜੋ ਕਿ ਦੋ ਸਾਲ ਉਸ ਦੇ ਨਾਮ ਰਿਹਾ।
ਇੱਥੇ ਹੀ ਉਸ ਨੇ ਕੁੱਲ 205 ਕਿਲੋ ਭਾਰ ਚੁੱਕਿਆ, ਜੋ ਕਿ ਉਸ ਦੇ ਖੇਡ ਕਰੀਅਰ ਦਾ ਸਭ ਤੋਂ ਵੱਧ ਭਾਰ ਸੀ। ਕੁਝ ਮਹੀਨਿਆਂ ਬਾਅਦ ਹੀ ਟੋਕੀਓ ਓਲੰਪਿਕ ਖੇਡਾਂ ਹੋਈਆਂ ਜਿੱਥੇ ਮੀਰਾਬਾਈ ਨੇ ਸਨੈਚ ਵਿੱਚ 87 ਕਿਲੋ ਅਤੇ ਕਲੀਨ ਅਤੇ ਜਰਕ ਵਿੱਚ 115 ਕਿਲੋ ਭਾਰ ਚੁੱਕਦਿਆਂ ਕੁੱਲ 202 ਕਿਲੋ ਭਾਰ ਨਾਲ ਚਾਂਦੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਓਲੰਪਿਕ ਖੇਡਾਂ ਵਿੱਚ ਵੇਟਲਿਫਟਿੰਗ ਮੁਕਾਬਲੇ ਵਿੱਚ ਤਗ਼ਮਾ ਜਿੱਤਣ ਵਾਲੀ ਉਹ ਦੂਜੀ ਭਾਰਤੀ ਖਿਡਾਰਨ ਬਣੀ। 2000 ਵਿੱਚ ਸਿਡਨੀ ਵਿਖੇ ਕਰਨਮ ਮਲੇਸ਼ਵਰੀ ਨੇ ਓਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਟੋਕੀਓ ਵਿਖੇ ਤਗ਼ਮਾ ਸਮਾਰੋਹ ਦੌਰਾਨ ਮੀਰਾਬਾਈ ਦੀਆਂ ਅੱਖਾਂ ਵਿੱਚ ਆਏ ਖ਼ੁਸ਼ੀ ਦੇ ਹੰਝੂ ਉਸ ਦੀ ਪੰਜ ਸਾਲ ਦੀ ਉਡੀਕ ਪੂਰੀ ਹੋਣ ਦੀ ਗਵਾਹੀ ਭਰ ਰਹੇ ਸਨ। ਟੋਕੀਓ ਵਿੱਚ ਮੀਰਾਬਾਈ ਨੇ ਅਜਿਹਾ ਖਾਤਾ ਖੋਲ੍ਹਿਆ ਕਿ ਭਾਰਤ ਨੇ ਇੱਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਜਿੱਤ ਕੇ ਓਲੰਪਿਕ ਖੇਡਾਂ ਦੇ 100 ਸਾਲ ਦੇ ਇਤਿਹਾਸ ਦਾ ਸਰਵੋਤਮ ਪ੍ਰਦਰਸ਼ਨ ਕੀਤਾ।
ਸਾਲ 2022 ਵਿੱਚ ਮੀਰਾਬਾਈ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਉਹ ਚੌਥੇ ਸਥਾਨ ਉੱਤੇ ਰਹੀ। ਇਸ ਤੋਂ ਬਾਅਦ ਪੈਰਿਸ ਓਲੰਪਿਕ 2024 ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨੈਚ ਵਿੱਚ ਆਪਣੇ ਕਰੀਅਰ ਦਾ ਸਰਵੋਤਮ (88 ਕਿਲੋ) ਭਾਰ ਚੁੱਕਿਆ, ਪਰ ਕੁੱਲ 199 ਕਿਲੋ ਭਾਰ ਨਾਲ ਉਹ ਤਗ਼ਮੇ ਤੋਂ ਮਹਿਜ਼ ਇੱਕ ਕਦਮ ਪਿੱਛੇ ਯਾਨੀ ਚੌਥੇ ਸਥਾਨ ਉੱਤੇ ਰਹੀ। ਸਾਲ 2025 ਵਿੱਚ ਵਿਸ਼ਵ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਚਾਂਦੀ ਦੇ ਤਗ਼ਮੇ ਜਿੱਤਣ ਤੋਂ ਬਾਅਦ ਹੁਣ ਉਸ ਨੇ ਗਲਾਸਗੋ ਵਿਖੇ ਤਿੰਨ ਨਵੇਂ ਰਿਕਾਰਡ ਬਣਾ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦੀ ਹੈਟ੍ਰਿਕ ਪੂਰੀ ਕੀਤੀ ਹੈ। ਆਪਣੇ ਇੱਕ ਦਹਾਕੇ ਤੋਂ ਵੱਧ ਦੇ ਕਰੀਅਰ ਵਿੱਚ ਉਸ ਨੇ ਆਪਣਾ ਭਾਰ ਵਰਗ ਬਦਲੇ ਬਿਨਾਂ ਨਿਰੰਤਰ ਮਿਹਨਤ ਕੀਤੀ ਹੈ। ਵੱਡੀਆਂ ਪ੍ਰਾਪਤੀਆਂ ਅਤੇ ਪ੍ਰਸਿੱਧੀ ਦੇ ਬਾਵਜੂਦ ਉਹ ਹਮੇਸ਼ਾ ਸਾਦਗੀ ਨਾਲ ਧਰਤੀ ਨਾਲ ਜੁੜੀ ਰਹੀ ਹੈ ਅਤੇ ਅੱਜ ਦੇਸ਼ ਦੀਆਂ ਧੀਆਂ ਲਈ ਇੱਕ ਵੱਡੀ ਪ੍ਰੇਰਣਾ ਸ੍ਰੋਤ ਹੈ। ਉਸ ਦੀਆਂ ਇਨ੍ਹਾਂ ਮਹਾਨ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਉਸ ਨੂੰ ‘ਪਦਮ ਸ੍ਰੀ’ ਅਤੇ ‘ਮੇਜਰ ਧਿਆਨ ਚੰਦ ਖੇਡ ਰਤਨ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਹੈ ਜਦਕਿ ਮਨੀਪੁਰ ਸਰਕਾਰ ਵੱਲੋਂ ਉਸ ਨੂੰ ਏ ਐੱਸ ਪੀ ਦਾ ਅਹੁਦਾ ਦਿੱਤਾ ਗਿਆ ਹੈ। ਉਸ ਦੀ ਜ਼ਿੰਦਗੀ ਉੱਤੇ ਮੈਤੇਈ ਭਾਸ਼ਾ ਵਿੱਚ ਫ਼ੀਚਰ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਆਪਣੇ ਅਟੱਲ ਹੌਸਲੇ ਅਤੇ ਅਣਥੱਕ ਮਿਹਨਤ ਦੇ ਬਲਬੂਤੇ, ਮੀਰਾਬਾਈ ਦਾ ਅਗਲਾ ਟੀਚਾ ਹੁਣ ਏਸ਼ਿਆਈ ਖੇਡਾਂ ਅਤੇ ਦੋ ਸਾਲ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਦੇਸ਼ ਲਈ ਨਵੇਂ ਕੀਰਤੀਮਾਨ ਸਥਾਪਤ ਕਰਨਾ ਹੈ।
ਸੰਪਰਕ: 97800-36216

