FIFA World Cup 'ਚ ਸਭ ਤੋਂ ਵੱਧ ਗੋਲ Messi ਦੇ ਨਾਂ
ਅਰਜਨਟੀਨਾ ਦੀ ਆਸਟਰੀਆ ’ਤੇ 2-0 ਨਾਲ ਜਿੱਤ ਦੌਰਾਨ ਇਤਿਹਾਸ ਰਚਿਆ; 18 ਗੋਲਾਂ ਨਾਲ ਜਰਮਨੀ ਦੇ ਮਿਰੋਸਲਾਵ ਕਲੋਸੇ ਦਾ 16 ਗੋਲਾਂ ਦਾ ਰਿਕਾਰਡ ਤੋਡ਼ਿਆ
ਮੌਜੂਦਾ ਚੈਂਪੀਅਨ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਨੇ ਬੀਤੀ ਦੇਰ ਰਾਤ ਇਤਿਹਾਸ ਰਚਦਿਆਂ ਫੀਫਾ ਆਲਮੀ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਜਰਮਨੀ ਦੇ ਮਿਰੋਸਲਾਵ ਕਲੋਸੇ ਦੇ 16 ਗੋਲਾਂ ਦਾ ਰਿਕਾਰਡ ਤੋੜਿਆ। ਆਸਟਰੀਆ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਅਰਜਨਟੀਨਾ ਨੇ 2-0 ਨਾਲ ਜਿੱਤ ਦਰਜ ਕੀਤੀ, ਜਿਸ ਵਿੱਚ ਮੈਸੀ ਨੇ ਮੈਚ ਦੇ 38ਵੇਂ ਮਿੰਟ ਵਿੱਚ ਆਪਣਾ 17ਵਾਂ ਅਤੇ ਫਿਰ ਆਖ਼ਰੀ ਪਲਾਂ ਵਿੱਚ 18ਵਾਂ ਆਲਮੀ ਕੱਪ ਗੋਲ ਦਾਗ਼ਿਆ। ਇਸ ਤੋਂ ਪਹਿਲਾਂ ਉਹ ਪੈਨਲਟੀ ਕਿੱਕ ਉੱਤੇ ਗੋਲ ਕਰਨ ਤੋਂ ਖੁੰਝ ਗਿਆ ਸੀ। ਅਰਜਨਟੀਨਾ ਨੇ ਦੋਵੇਂ ਸ਼ੁਰੂਆਤੀ ਮੈਚ ਜਿੱਤ ਕੇ ਨਾਕਆਊਟ ਗੇੜ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਟੀਮ ਨੇ ਦੋਵਾਂ ਮੈਚਾਂ ਵਿੱਚ ਹੁਣ ਤੱਕ ਪੰਜ ਗੋਲ ਕੀਤੇ ਹਨ ਅਤੇ ਪੰਜੇ ਮੈਸੀ ਦੇ ਨਾਮ ਹੀ ਹਨ। ਇਸ ਮਗਰੋਂ ਨਾਰਵੇ ਨੇ ਵੀ ਸੈਨੇਗਾਲ ਨੂੰ 3-2 ਨਾਲ ਹਰਾ ਕੇ ਅਗਲੇ ਗੇੜ ਜਗ੍ਹਾ ਬਣਾ ਲਈ। ਨਾਰਵੇ ਲਈ ਸਟ੍ਰਾਈਕਰ ਅਰਲਿੰਗ ਹਾਲੈਂਡ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਦੋ ਗੋਲ ਕੀਤੇ। ਹਾਲੈਂਡ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਦੋ ਮੈਚਾਂ ਵਿੱਚ ਦੋ-ਦੋ ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਹੈ।
ਇੱਕ ਹੋਰ ਮੈਚ ਵਿੱਚ ਅਲਜੀਰੀਆ ਨੇ ਜੌਰਡਨ ਨੂੰ 2-1 ਨਾਲ ਹਰਾ ਕੇ ਨਾਕਆਊਟ ਗੇੜ ’ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਇਰਾਕ ਨੂੰ ਹਰਾ ਕੇ ਫਰਾਂਸ ਵੀ ਨਾਕਆਊਟ ਗੇੜ ’ਚ
ਫਿਲਾਡੇਲਫੀਆ: ਫਰਾਂਸ ਨੇ ਆਲਮੀ ਕੱਪ ਦੇ ਮੁਕਾਬਲੇ ਵਿੱਚ ਇਰਾਕ ਨੂੰ 3-0 ਨਾਲ ਹਰਾ ਕੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਫਰਾਂਸ ਦੇ ਸਟਾਰ ਖਿਡਾਰੀ ਕਿਲੀਅਨ ਐੱਮਬਾਪੇ ਨੇ ਆਪਣੇ 100ਵੇਂ ਕੌਮਾਂਤਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14ਵੇਂ ਅਤੇ 54ਵੇਂ ਮਿੰਟ ਵਿੱਚ ਦੋ ਗੋਲ ਕੀਤੇ। ਇਨ੍ਹਾਂ ਗੋਲਾਂ ਦੀ ਬਦੌਲਤ ਉਹ ਵਿਸ਼ਵ ਕੱਪ ਇਤਿਹਾਸ ਵਿੱਚ 16 ਗੋਲ ਕਰ ਕੇ ਜਰਮਨੀ ਦੇ ਮਿਰੋਸਲਾਵ ਕਲੋਸੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਟੀਮ ਲਈ ਤੀਜਾ ਗੋਲ ਓਸਮਾਨ ਡੈਂਬੇਲੇ ਨੇ ਕੀਤਾ। ਖ਼ਰਾਬ ਮੌਸਮ ਅਤੇ ਭਾਰੀ ਮੀਂਹ ਕਾਰਨ ਮੈਚ ਅੱਧੇ ਸਮੇਂ ਦੌਰਾਨ ਕਰੀਬ ਦੋ ਘੰਟੇ ਲਈ ਰੋਕਣਾ ਪਿਆ।
