ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਅੱਜ
ਤਿੰਨ ਮੈਚਾਂ ਦੀ ਇੱਕ ਰੋਜ਼ਾ ਲਡ਼ੀ 1-1 ਨਾਲ ਬਰਾਬਰ; ਭਾਰਤ ਦੀ ਘਰੇਲੂ ਬਾਦਸ਼ਾਹਤ ਦਾਅ ’ਤੇ; ਨਿਊਜ਼ੀਲੈਂਡ ਕੋਲ ਇਤਿਹਾਸ ਰਚਣ ਦਾ ਮੌਕਾ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਤੀਜਾ ਅਤੇ ਫੈਸਲਾਕੁਨ ਮੁਕਾਬਲਾ ਐਤਵਾਰ ਨੂੰ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਵੇਲੇ ਲੜੀ 1-1 ਨਾਲ ਬਰਾਬਰ ਹੈ। ਭਾਰਤੀ ਟੀਮ ਮਾਰਚ 2019 ਤੋਂ ਬਾਅਦ ਘਰੇਲੂ ਮੈਦਾਨ ’ਤੇ ਕੋਈ ਵੀ ਲੜੀ ਨਹੀਂ ਹਾਰੀ। ਇਸ ਲਈ ਭਾਰਤੀ ਟੀਮ ਦੀ ਸਾਖ ਦਾਅ ’ਤੇ ਲੱਗੀ ਹੋਈ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਕੋਲ 1989 ਤੋਂ ਬਾਅਦ ਪਹਿਲੀ ਵਾਰ ਭਾਰਤ ਵਿੱਚ ਲੜੀ ਜਿੱਤ ਕੇ ਇਤਿਹਾਸ ਰਚਣ ਦਾ ਮੌਕਾ ਹੈ।
ਰਾਜਕੋਟ ਵਿੱਚ ਦੂਜੇ ਮੈਚ ਦੌਰਾਨ ਮਿਲੀ ਹਾਰ ਮਗਰੋਂ ਭਾਰਤੀ ਟੀਮ ਦਬਾਅ ਹੇਠ ਹੈ। ਡੈਰਿਲ ਮਿਚੇਲ ਦੀ ਸਪਿੰਨਰਾਂ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਨੇ ਭਾਰਤ ਲਈ ਚਿੰਤਾ ਵਧਾ ਦਿੱਤੀ ਹੈ। ਇੰਦੌਰ ਦਾ ਮੈਦਾਨ ਛੋਟਾ ਹੋਣ ਕਾਰਨ ਇੱਥੇ ਵੱਡੇ ਸਕੋਰ ਬਣਨ ਦੀ ਸੰਭਾਵਨਾ ਹੈ ਜਿੱਥੇ ਗੇਂਦਬਾਜ਼ਾਂ ਲਈ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ।ਭਾਰਤੀ ਟੀਮ ਦੀ ਨਜ਼ਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ’ਤੇ ਟਿਕੀ ਹੋਵੇਗੀ। ਰੋਹਿਤ ਦਾ ਹਮਲਾਵਰ ਰਵੱਈਆ ਹਾਲ ਹੀ ਵਿੱਚ ਬਹੁਤਾ ਕਾਰਗਰ ਸਾਬਤ ਨਹੀਂ ਹੋਇਆ ਜਿਸ ਕਰ ਕੇ ਟੀਮ ਨੂੰ ਚੰਗੀ ਸ਼ੁਰੂਆਤ ਦੀ ਲੋੜ ਹੈ। ਟੀਮ ਵਿੱਚ ਨਿਤੀਸ਼ ਕੁਮਾਰ ਰੈਡੀ ਅਤੇ ਆਯੂਸ਼ ਬਡੋਨੀ ਵਿਚਾਲੇ ਚੋਣ ਸਿਰਦਰਦੀ ਬਣੀ ਹੋਈ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਸ਼ਾਮਲ ਕੀਤੇ ਜਾਣ ਦੀ ਵੀ ਚਰਚਾ ਹੈ।

