ਉੱਘੇ ਭਾਰਤੀ ਹਾਕੀ ਖਿਡਾਰੀਆਂ ’ਚ ਸ਼ੁਮਾਰ ਤੇ ਸਟਾਰ ਮਿਡਫੀਲਡਰ ਮਨਪ੍ਰੀਤ ਸਿੰਘ ਦਾ ਨਾਮ ਅਗਾਮੀ ਐੱਫ ਆਈ ਐੱਚ ਪ੍ਰੋ-ਲੀਗ ਸੀਜ਼ਨ ਤੋਂ ਪਹਿਲਾਂ ਸੀਨੀਅਰ ਪੁਰਸ਼ ਰਾਸ਼ਟਰੀ ਕੋਚਿੰਗ ਕੈਂਪ ਲਈ ਚੁਣੇ ਗਏ 33 ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਅੱਜ ਸੰਭਾਵੀ ਖਿਡਾਰੀਆਂ ਦੀ ਸੂਚੀ ਦਾ ਐਲਾਨ ਕੀਤਾ। ਦੋ ਓਲੰਪਿਕ ਤਗ਼ਮੇ ਜੇਤੂ ਟੀਮਾਂ ਦਾ ਮੈਂਬਰ ਤੇ ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ (30) ਡੇਢ ਦਹਾਕੇ ’ਚ ਪਹਿਲੀ ਵਾਰ ਕੈਂਪ ’ਚ ਜਗ੍ਹਾ ਨਹੀਂ ਬਣਾ ਸਕਿਆ। ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੂੰ ਵੀ ਸੰਭਾਵੀ ਟੀਮ ’ਚ ਜਗ੍ਹਾ ਨਹੀਂ ਮਿਲੀ; ਪ੍ਰਿੰਸਦੀਪ ਸਿੰਘ ਨੂੰ ਪਿਛਲੇ ਸਾਲ ਦੇ ਅੰਤ ਵਿੱਚ ਰਾਜਗੀਰ ਵਿੱਚ ਜੂਨੀਅਰ ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਸੀਨੀਅਰ ਟੀਮ ’ਚ ਜਗ੍ਹਾ ਮਿਲੀ ਹੈ।
ਰੁੜਕੇਲਾ ’ਚ 10 ਤੋਂ 15 ਫਰਵਰੀ ਤੱਕ ਹੋਣ ਵਾਲੇ ਐੱਫ ਆਈ ਐੱਚ ਪ੍ਰੋ-ਲੀਗ ਮੈਚਾਂ ਤੋਂ ਪਹਿਲਾਂ 1 ਤੋਂ 7 ਫਰਵਰੀ ਤੱਕ ਇਹ ਕੈਂਪ ਲੱਗੇਗਾ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ 11 ਫਰਵਰੀ ਤੇ 14 ਫਰਵਰੀ ਨੂੰ ਬੈਲਜੀਅਮ ਖ਼ਿਲਾਫ਼ ਜਦਕਿ 12 ਤੇ 15 ਫਰਵਰੀ ਨੂੰ ਅਰਜਨਟੀਨਾ ਖਿਲਾਫ਼ ਮੈਚ ਖੇਡੇਗੀ। ਇਸ ਮਗਰੋਂ ਟੀਮ ਹੋਬਾਰਟ ਜਾਵੇਗੀ ਜਿੱਥੇ ਉਹ ਸਪੇਨ ਨਾਲ 21 ਤੇ 24 ਫਰਵਰੀ ਅਤੇ ਆਸਟਰੇਲੀਆ ਵਿਰੁੱਧ 22 ਤੇ 25 ਫਰਵਰੀ ਨੂੰ ਮੈਚ ਖੇਡੇਗੀ। ਚੁਣੇ ਖਿਡਾਰੀਆਂ ਵਿੱਚ ਗੋਲਕੀਪਰ ਪਵਨ, ਸੂਰਜ ਕਰਕੇਰਾ, ਮੋਹਿਤ ਸ਼ਸ਼ੀਕੁਮਾਰ, ਪ੍ਰਿੰਸਦੀਪ ਸਿੰਘ, ਡਿਫੈਂਡਰ ਅਮਿਤ ਰੋਹੀਦਾਸ, ਜਰਮਨਪ੍ਰੀਤ ਸਿੰਘ, ਸੰਜੇ, ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਸੁਮਿਤ, ਪੂਵੰਨਾ ਚੰਦੂਰਾ ਬੌਬੀ, ਯਸ਼ਦੀਪ ਸਿਵਾਚ, ਨੀਲਮ ਸੰਜੀਪ ਜੈੱਸ, ਅਮਨਦੀਪ ਲਾਕੜਾ, ਮਿਡਫੀਲਡਰ ਰਾਜਿੰਦਰ ਸਿੰਘ, ਮਨਮੀਤ ਸਿੰਘ, ਹਾਰਦਿਕ ਸਿੰਘ, ਐੱਮ ਆਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਵਿਸ਼ਨੂੰ ਕਾਂਤ ਸਿੰਘ, ਰਾਜ ਕੁਮਾਰ ਪਾਲ, ਨੀਲਕਾਂਤ ਸ਼ਰਮਾ, ਆਰ ਕੁਜੂਰ ਅਤੇ ਫਾਰਵਰਡ ਅਭਿਸ਼ੇਕ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਅਰੀਜੀਤ ਸਿੰਘ ਹੁੰਦਲ, ਅੰਗਦ ਬੀਰ ਸਿੰਘ, ਉੱਤਮ ਸਿੰਘ, ਸੇਲਵਮ ਕਾਰਤੀ, ਆਦਿੱਤਿਆ ਅਰਜੁਨ ਲਾਲਾਗੇ ਤੇ ਮਨਿੰਦਰ ਸਿੰਘ ਸ਼ਾਮਲ ਹਨ।

