Maldives boat accident: Chandigarh ਦੇ ਵਾਸੀ ਤੇ ਰੈਲੀ ਡਰਾਈਵਰ Hari Singh ਦੀ ਭਾਲ ਬੰਦ
Maldives ਵਿਚ 19 ਮਾਰਚ ਨੂੰ ਕਿਸ਼ਤੀ ਪਲਟਣ ਤੋਂ ਬਾਅਦ ਹੋ ਗਏ ਸਨ ਲਾਪਤਾ
ਭਾਰਤ ਦੇ ਰੈਲੀ ਡਰਾਈਵਰ ਹਰੀ ਸਿੰਘ ਦੀ ਭਾਲ ਲਈ ਮਾਲਦੀਵ ਦੇ ਅਧਿਕਾਰੀਆਂ ਵੱਲੋਂ ਚਲਾਇਆ ਜਾ ਰਿਹਾ ਸਰਚ ਅਪਰੇਸ਼ਨ ਬੀਤੀ ਰਾਤ ਖ਼ਤਮ ਕਰ ਦਿੱਤਾ ਗਿਆ ਹੈ। ਹਰੀ ਸਿੰਘ 19 ਮਾਰਚ ਨੂੰ ਮਾਲਦੀਵ ਦੇ ਫੈਲੀਧੂ ਟਾਪੂ ਨੇੜੇ ਇੱਕ ਤੇਜ਼ ਰਫ਼ਤਾਰ ਕਿਸ਼ਤੀ ਪਲਟਣ ਕਾਰਨ ਲਾਪਤਾ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਨਾਲ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕਮਾਂਡਰ ਮਹੇਸ਼ ਰਾਮਚੰਦਰਨ ਵੀ ਲਾਪਤਾ ਸਨ। ਆਮ ਤੌਰ 'ਤੇ ਅਜਿਹੀ ਭਾਲ 72 ਘੰਟੇ ਚੱਲਦੀ ਹੈ ਪਰ ਇਹ ਮੁਹਿੰਮ ਅੱਠ ਦਿਨਾਂ ਤੱਕ ਜਾਰੀ ਰੱਖੀ ਗਈ ਸੀ। ਇਸ ਕੰਮ ਲਈ ਡਰੋਨਾਂ, ਹਲਕੇ ਜਹਾਜ਼ਾਂ ਅਤੇ ਭਾਰਤ ਸਰਕਾਰ ਵੱਲੋਂ ਭੇਜੇ ਗਏ ਖ਼ਾਸ ਨਿਗਰਾਨੀ ਜਹਾਜ਼ਾਂ ਦੀ ਮਦਦ ਲਈ ਗਈ ਸੀ ਪਰ ਸਮੁੰਦਰ ਵਿੱਚੋਂ ਉਨ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ।
ਹਰੀ ਸਿੰਘ ਦੇ ਪਰਿਵਾਰ ਨੇ ਹੁਣ ਉਨ੍ਹਾਂ ਦੀ ਯਾਦ ਵਿੱਚ 30 ਮਾਰਚ ਨੂੰ ਚੰਡੀਗੜ੍ਹ ਦੇ ਸੈਕਟਰ 8 ਸਥਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਭੋਗ ਦੀ ਰਸਮ ਅਤੇ ਅੰਤਿਮ ਅਰਦਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਚੰਡੀਗੜ੍ਹ ਮੋਟਰਸਪੋਰਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਵੱਡੀ ਪੱਧਰ 'ਤੇ ਚਲਾਈ ਗਈ ਮੁਹਿੰਮ ਦੇ ਬਾਵਜੂਦ ਹਰੀ ਸਿੰਘ ਨਾਲ ਜੁੜੀ ਇੱਕ ਵੀ ਚੀਜ਼ ਬਰਾਮਦ ਨਹੀਂ ਹੋਈ। ਹੁਣ ਉਨ੍ਹਾਂ ਦੀ ਭਾਲ ਵਿੱਚ ਜੁਟੇ ਦੋਸਤ ਵੀ ਵਾਪਸ ਭਾਰਤ ਪਰਤ ਰਹੇ ਹਨ।
ਭਾਰਤੀ ਰੈਲੀ ਜਗਤ ਵਿੱਚ ਹਰੀ ਸਿੰਘ ਦਾ ਸ਼ਾਨਦਾਰ ਸਫ਼ਰ
ਹਰੀ ਸਿੰਘ ਭਾਰਤੀ ਮੋਟਰਸਪੋਰਟਸ ਦੇ ਸਭ ਤੋਂ ਵੱਡੇ ਨਾਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ 90 ਦੇ ਦਹਾਕੇ ਵਿੱਚ ਲਗਾਤਾਰ ਪੰਜ ਵਾਰ ਇੰਡੀਅਨ ਨੈਸ਼ਨਲ ਰੈਲੀ ਚੈਂਪੀਅਨਸ਼ਿਪ (INRC) ਜਿੱਤ ਕੇ ਆਪਣਾ ਲੋਹਾ ਮਨਵਾਇਆ ਸੀ। ਉਹ ਪਹਿਲੇ ਭਾਰਤੀ ਡਰਾਈਵਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਏਸ਼ੀਆ ਜ਼ੋਨ ਰੈਲੀ ਚੈਂਪੀਅਨਸ਼ਿਪ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ। ਰੇਸਿੰਗ ਤੋਂ ਦੂਰ ਹੋਣ ਤੋਂ ਬਾਅਦ ਵੀ ਉਹ ਜੇ.ਕੇ. ਟਾਇਰ ਮੋਟਰਸਪੋਰਟ ਵਿੱਚ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਸਨ ਅਤੇ ਮਰਸਡੀਜ਼-ਬੈਂਜ਼ ਇੰਡੀਆ ਦੇ ਮੁੱਖ ਇੰਸਟਰਕਟਰ ਸਨ। ਉਨ੍ਹਾਂ ਦੀ ਮੌਤ ਨਾਲ ਭਾਰਤੀ ਖੇਡ ਜਗਤ ਨੇ ਇੱਕ ਬੇਹੱਦ ਪ੍ਰਤਿਭਾਸ਼ਾਲੀ ਅਤੇ ਨਿਡਰ ਇਨਸਾਨ ਗੁਆ ਦਿੱਤਾ ਹੈ।

