
ਭਾਰਤੀ ਸ਼ਟਲਰ ਐੱਚਐੱਸ ਪ੍ਰਣੌਇ ਤੇ ਪੀਵੀ ਸਿੰਧੂ ਮਲੇਸ਼ੀਆ ਓਪਨ ਦੇ ਮੈਚ ਖੇਡਦੇ ਹੋਏ। -ਫੋਟੋਆਂ: ਏਪੀ
ਕੁਆਲਾਲੰਪੁਰ, 25 ਮਈ
ਭਾਰਤ ਦੇ ਸਟਾਰ ਖਿਡਾਰੀਆਂ ਪੀਵੀ ਸਿੰਧੂ, ਕਿਦਾਂਬੀ ਸ੍ਰੀਕਾਂਤ ਤੇ ਐੱਚਐੱਸ ਪ੍ਰਣੌਇ ਨੇ ਅੱਜ ਇੱਥੇ ਆਪੋ-ਆਪਣੇ ਮੁਕਾਬਲਿਆਂ ’ਚ ਜਿੱਤਾਂ ਦਰਜ ਕਰਦਿਆਂ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ ਪਰ ਨੌਜਵਾਨ ਖਿਡਾਰੀ ਲਕਸ਼ੈ ਸੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਵਾਰ ਦੇ ਓਲੰਪਿਕ ਜੇਤੂ ਤੇ ਇੱਥੇ ਛੇਵਾਂ ਦਰਜਾ ਹਾਸਲ ਸਿੰਧੂ ਨੇ ਮਹਿਲਾ ਸਿੰਗਲਜ਼ ’ਚ ਜਿੱਥੇ ਜਾਪਾਨ ਦੀ ਆਇਆ ਓਹੋਰੀ ਨੂੰ ਸਿੱਧੇ ਸੈੱਟਾਂ ’ਚ ਹਰਾਇਆ ਉੱਥੇ ਹੀ ਪ੍ਰਣੌਇ ਨੂੰ ਚੀਨ ਦੇ ਸ਼ੀ ਫੈਂਗ ਲੀ ਨੂੰ ਹਰਾਉਣ ਲਈ ਤਿੰਨ ਸੈੱਟਾਂ ਤੱਕ ਸੰਘਰਸ਼ ਕਰਨਾ ਪਿਆ। ਸ੍ਰੀਕਾਂਤ ਨੇ ਇੰਡੀਆ ਓਪਨ ਚੈਂਪੀਅਨ ਅਤੇ ਥਾਈਲੈਂਡ ਦੇ ਅੱਠਵਾਂ ਦਰਜਾ ਕੁਨਲਾਵੁਤ ਵਿਤੀਦਸਾਰਨ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਕੁਆਰਟਰ ਫਾਈਨਲ ਵਿੱਚ ਸਿੰਧੂ ਦਾ ਮੁਕਾਬਲਾ ਚੀਨੀ ਖਿਡਾਰਨ ਯੀ ਮੈਨ ਝਾਂਗ ਨਾਲ ਜਦਕਿ ਪ੍ਰਣੌਇ ਦਾ ਮੁਕਾਬਲਾ ਜਾਪਾਨ ਦੇ ਕੈਂਟਾ ਨਿਸ਼ੀਮੋਟੋ ਨਾਲ ਹੋਵੇਗਾ। ਨਿਸ਼ੀਮੋਟੋ ਨੇ ਪਿਛਲੇ ਸਾਲ ਜਪਾਨ ਓਪਨ ਤੇ ਇਸ ਸਾਲ ਸਪੇਨ ਮਾਸਟਰਜ਼ ਦਾ ਖ਼ਿਤਾਬ ਜਿੱਤਿਆ ਸੀ। ਸ੍ਰੀਕਾਂਤ ਦਾ ਅਗਲਾ ਮੁਕਾਬਲਾ ਇੰਡੋਨੇਸ਼ੀਆ ਦੇ ਕ੍ਰਿਸਟੀਅਨ ਐਡੀਨਾਟਾ ਨਾਲ ਹੋਵੇਗਾ। ਭਾਰਤ ਦਾ ਲਕਸ਼ੈ ਸੇਨ ਹਾਂਗਕਾਂਗ ਦੇ ਐਂਗਸ ਐੱਨਜੀ ਲੌਂਗ ਤੋਂ 14-21, 19-21 ਨਾਲ ਹਾਰ ਕੇ ਬਾਹਰ ਹੋ ਗਿਆ ਹੈ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ