London: ਗਾਂਗੁਲੀ ਤੇ ਰਹਾਣੇ ਨੇ ਸ਼ਹਿਜ਼ਾਦਾ ਵਿਲੀਅਮ ਨਾਲ ਕ੍ਰਿਕਟ ਖੇਡੀ
ਵਾਤਾਵਰਨ ਜਾਗਰੂਕਤਾ ਲਈ ਬਕਿੰਘਮ ਪੈਲੇਸ ਦੇ ਬਾਹਰ ਕ੍ਰਿਕਟ ਸਿਤਾਰੇ ਇਕੱਠੇ ਹੋਏ
ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਅਤੇ ਅਜਿੰਕਿਆ ਰਹਾਣੇ ਨੇ ਲੰਡਨ ਵਿੱਚ ਬਕਿੰਘਮ ਪੈਲੇਸ ਦੇ ਬਾਹਰ ਬਰਤਾਨਵੀ ਸ਼ਹਿਜ਼ਾਦੇ ਵਿਲੀਅਮ ਨਾਲ ਦੋਸਤਾਨਾ ਟੈਨਿਸ ਬਾਲ ਕ੍ਰਿਕਟ ਮੈਚ ਖੇਡਿਆ। ਬੀਤੇ ਦਿਨ ਖੇਡਿਆ ਗਿਆ ਇਹ ਮੈਚ ਬਰਤਾਨਵੀ ਸ਼ਾਹੀ ਪਰਿਵਾਰ ਦੀ ਵਾਤਾਵਰਨ ਪਹਿਲਕਦਮੀ ‘ਅਰਥਸ਼ੌਟ ਪ੍ਰਾਈਜ਼’ ਬਾਰੇ ਜਾਗਰੂਕਤਾ ਫੈਲਾਉਣ ਲਈ ਕਰਵਾਇਆ ਗਿਆ। ਇਸ ਵੱਕਾਰੀ ਇਨਾਮ ਦੀ ਵੰਡ ਅਗਲੇ ਮਹੀਨੇ ਮੁੰਬਈ ਵਿੱਚ ਹੋਵੇਗੀ। ਸ਼ਹਿਜ਼ਾਦਾ ਵਿਲੀਅਮ ਦੇ ਸੱਦੇ ’ਤੇ ‘ਦਿ ਮਾਲ’ ਵਿੱਚ ਖੇਡੇ ਗਏ ਇਸ ਮੈਚ ਵਿੱਚ ਵੈਸਟ ਇੰਡੀਜ਼ ਦੇ ਸਾਬਕਾ ਖਿਡਾਰੀ ਬ੍ਰਾਇਨ ਲਾਰਾ ਅਤੇ ਇੰਗਲੈਂਡ ਦੇ ਸਟਾਰ ਜੋਅ ਰੂਟ ਤੇ ਹੈਰੀ ਬਰੁੱਕ ਵੀ ਸ਼ਾਮਲ ਹੋਏ। ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਵਾਲੇ 38 ਸਾਲਾ ਰਹਾਣੇ ਨੇ ਅੱਜ ਲਿੰਕਡਇਨ ’ਤੇ ਆਪਣਾ ਤਜਰਬਾ ਸਾਂਝਾ ਕੀਤਾ। ਉਸ ਨੇ ਲਿਖਿਆ ਕਿ ਬਕਿੰਘਮ ਪੈਲੇਸ ਸਾਹਮਣੇ ਟੈਨਿਸ ਬਾਲ ਨਾਲ ਖੇਡਣਾ ਅਜਿਹਾ ਤਜਰਬਾ ਹੈ, ਜੋ ਉਸ ਨੂੰ ਹਮੇਸ਼ਾ ਯਾਦ ਰਹੇਗਾ। ਉਸ ਨੇ ਸ਼ਹਿਜ਼ਾਦਾ ਵਿਲੀਅਮ, ‘ਦਾਦਾ’ (ਗਾਂਗੁਲੀ), ਲਾਰਾ ਅਤੇ ਹੋਰ ਦਿੱਗਜਾਂ ਨਾਲ ਸਮਾਂ ਬਿਤਾਉਣ ਨੂੰ ਮਾਣ ਵਾਲੀ ਗੱਲ ਦੱਸਿਆ। ਜ਼ਿਕਰਯੋਗ ਹੈ ਕਿ ਸ਼ਹਿਜ਼ਾਦਾ ਵਿਲੀਅਮ ਵੱਲੋਂ ਸਾਲ 2020 ਵਿੱਚ ਸ਼ੁਰੂ ਕੀਤੇ ਗਏ ‘ਅਰਥਸ਼ੌਟ ਪ੍ਰਾਈਜ਼’ ਦਾ ਛੇਵਾਂ ਸਮਾਗਮ ਪਹਿਲੀ ਵਾਰ ਭਾਰਤ ਵਿੱਚ 17 ਨਵੰਬਰ ਨੂੰ ਹੋ ਰਿਹਾ ਹੈ। ਇਸ ਤਹਿਤ ਵਾਤਾਵਰਨ ਸੰਕਟ ਹੱਲ ਕਰਨ ਵਾਲੇ ਪੰਜ ਨਵੇਂ ਵਿਚਾਰਾਂ ਨੂੰ ਫੰਡ ਦਿੱਤਾ ਜਾਂਦਾ ਹੈ। ਰਹਾਣੇ ਨੇ ਕਿਹਾ ਕਿ ਵਾਤਾਵਰਨ ਦੀ ਰਾਖੀ ਲਈ ਵੀ ਖੇਡਾਂ ਵਾਂਗ ਅਨੁਸ਼ਾਸਨ, ਸਾਂਝੀਆਂ ਕੋਸ਼ਿਸ਼ਾਂ ਅਤੇ ਨੇਕ ਨੀਅਤ ਦੀ ਲੋੜ ਹੈ।

