ਬਾਹਰੀ Criticism ਨਾਲ ਸਿੱਝਣਾ ਸਿੱਖ ਲਿਆ: Sanju Samson
ਸੋਸ਼ਲ ਮੀਡੀਆ ਦੀਆਂ ਟਿੱਪਣੀਆਂ ਤੋਂ ਬਚਣ ਲਈ ਇੰਟਰਨੈੱਟ ਬੰਦ ਰੱਖਦੈ ਸਲਾਮੀ ਬੱਲੇਬਾਜ਼
ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਕਿਹਾ ਹੈ ਕਿ ਉਸ ਨੇ ਆਪਣੇ ਕਰੀਅਰ ਬਾਰੇ ਬਾਹਰੀ ਆਲੋਚਨਾ ਅਤੇ ਨਾਂਹਦਰੂ ਟਿੱਪਣੀਆਂ ਨਾਲ ਨਜਿੱਠਣਾ ਸਿੱਖ ਲਿਆ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਦੂਜੇ ਟੀ-20 ਮੈਚ ਵਿੱਚ 22 ਗੇਂਦਾਂ ’ਤੇ 57 ਦੌੜਾਂ ਦੀ ਪਾਰੀ ਖੇਡਣ ਮਗਰੋਂ ਉਸ ਨੇ ਮੰਨਿਆ ਕਿ ਭਾਰਤੀ ਟੀਮ ਦੇ ਸਿਖਰਲੇ ਕ੍ਰਮ ਵਿੱਚ ਥਾਂ ਬਣਾਉਣ ਲਈ ਕਈ ਖਿਡਾਰੀਆਂ ਵਿਚਾਲੇ ਮੁਕਾਬਲਾ ਹੈ ਅਤੇ ਖਿਡਾਰੀਆਂ ਕੋਲ ਚੋਣ ਨਾਲ ਜੁੜੇ ਫ਼ੈਸਲਿਆਂ ’ਤੇ ਉਦਾਸ ਹੋ ਕੇ ਬੈਠਣ ਦਾ ਬਹੁਤਾ ਸਮਾਂ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਦੀਆਂ ਟਿੱਪਣੀਆਂ ਤੋਂ ਬਚਣ ਲਈ ਇੰਟਰਨੈੱਟ ਬੰਦ ਰੱਖਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਕਿਤੇ ਵਾਈ-ਫਾਈ ਚੱਲ ਪੈਂਦਾ ਹੈ ਤਾਂ ਸੀਨੀਅਰ ਖਿਡਾਰੀਆਂ ਦੀਆਂ ਟਿੱਪਣੀਆਂ ਨਜ਼ਰ ਆ ਜਾਂਦੀਆਂ ਹਨ। ਉਸ ਨੇ ਕਿਹਾ ਕਿ ਉਹ ਕੋਈ ਮਸ਼ੀਨ ਜਾਂ ਰੋਬੋਟ ਨਹੀਂ ਹੈ, ਆਲੋਚਨਾ ਦਾ ਅਸਰ ਹੁੰਦਾ ਜ਼ਰੂਰ ਹੈ, ਪਰ ਹੁਣ ਉਸ ਨੇ ਇਸ ਨਾਲ ਸਿੱਝਣਾ ਸਿੱਖ ਲਿਆ ਹੈ। ਉਸ ਨੇ ਕਿਹਾ, ‘‘ਜੇ ਮੈਂ ਇਨ੍ਹਾਂ ਗੱਲਾਂ ਵੱਲ ਧਿਆਨ ਦਿੰਦਾ, ਤਾਂ ਅਜਿਹੀ ਬੱਲੇਬਾਜ਼ੀ ਨਾ ਕਰ ਸਕਦਾ।’’ ਉਸ ਨੇ 15 ਸਾਲਾ ਵੈਭਵ ਸੂਰਿਆਵੰਸ਼ੀ ਵੱਲੋਂ ਮਿਲ ਰਹੀ ਟੱਕਰ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ।

