China Masters ਵਿੱਚ Lakshay Sen ਕਰੇਗਾ ਭਾਰਤੀ ਟੀਮ ਦੀ ਅਗਵਾਈ
ਭਾਰਤ ਦਾ ਸਟਾਰ ਸ਼ਟਲਰ ਲਕਸ਼ੈ ਸੇਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਵੱਕਾਰੀ ਚਾਈਨਾ ਮਾਸਟਰਜ਼ ਸੁਪਰ 750 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਮਗਰੋਂ ਲਕਸ਼ੈ ਇਸ 12,50,000 ਡਾਲਰ ਇਨਾਮੀ ਰਾਸ਼ੀ ਵਾਲੇ...
ਭਾਰਤ ਦਾ ਸਟਾਰ ਸ਼ਟਲਰ ਲਕਸ਼ੈ ਸੇਨ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਵੱਕਾਰੀ ਚਾਈਨਾ ਮਾਸਟਰਜ਼ ਸੁਪਰ 750 ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗਾ। ਵਿਸ਼ਵ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ ਮਿਲੀ ਨਿਰਾਸ਼ਾਜਨਕ ਹਾਰ ਮਗਰੋਂ ਲਕਸ਼ੈ ਇਸ 12,50,000 ਡਾਲਰ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਵਿੱਚ ਸ਼ਾਨਦਾਰ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗਾ। ਪਹਿਲੇ ਗੇੜ ਵਿੱਚ ਉਸ ਦਾ ਮੁਕਾਬਲਾ ਫਰਾਂਸ ਦੇ ਨਵੇਂ ਵਿਸ਼ਵ ਚੈਂਪੀਅਨ ਐਲੈਕਸ ਲੇਨੀਅਰ ਨਾਲ ਹੋਵੇਗਾ। ਦੂਜੇ ਪਾਸੇ, ਸਾਬਕਾ ਵਿਸ਼ਵ ਨੰਬਰ ਇੱਕ ਖਿਡਾਰੀ ਕਿਦਾਂਬੀ ਸ੍ਰੀਕਾਂਤ ਚੀਨੀ ਤੈਪਈ ਦੇ ਚੀ ਯੂ-ਜੇਨ ਨਾਲ ਭਿੜੇਗਾ। ਸ੍ਰੀਕਾਂਤ ਪਿਛਲੇ ਕੁਝ ਸਮੇਂ ਤੋਂ ਸੱਟਾਂ ਅਤੇ ਖਰਾਬ ਲੈਅ ਨਾਲ ਜੂਝ ਰਿਹਾ ਹੈ। ਉਸ ਕੋਲੋਂ ਇਸ ਟੂਰਨਾਮੈਂਟ ਵਿੱਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਪੁਰਸ਼ ਡਬਲਜ਼ ਵਿੱਚ ਚੌਥਾ ਦਰਜਾ ਪ੍ਰਾਪਤ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਤੋਂ ਭਾਰਤ ਨੂੰ ਵੱਡੀਆਂ ਉਮੀਦਾਂ ਹਨ। ਇਸ ਜੋੜੀ ਦਾ ਪਹਿਲਾ ਮੁਕਾਬਲਾ ਚੀਨ ਦੇ ਹੂ ਕੇ ਯੁਆਨ ਅਤੇ ਲਿਨ ਸ਼ਿਆਂਗ ਯੀ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ 18 ਸਾਲਾ ਉੱਨਤੀ ਹੁੱਡਾ, 17 ਸਾਲਾ ਤਨਵੀ ਸ਼ਰਮਾ ਅਤੇ 21 ਸਾਲਾ ਦੇਵਿਕਾ ਸਿਹਾਗ ’ਤੇ ਨਜ਼ਰਾਂ ਰਹਿਣਗੀਆਂ। ਉੱਨਤੀ ਦਾ ਮੁਕਾਬਲਾ ਚੀਨ ਦੀ ਹਾਨ ਯੁਏ ਨਾਲ ਹੋਵੇਗਾ, ਜਦਕਿ ਤਨਵੀ ਡੈਨਮਾਰਕ ਦੀ ਅਮੈਲੀ ਸ਼ੁਲਜ਼ ਅਤੇ ਦੇਵਿਕਾ ਬੁਲਗਾਰੀਆ ਦੀ ਕਲੋਆਨਾ ਨਲਬਾਂਤੋਵਾ ਖ਼ਿਲਾਫ਼ ਕੋਰਟ ਵਿੱਚ ਉਤਰਨਗੀਆਂ। ਇਸ ਤੋਂ ਇਲਾਵਾ ਪੁਰਸ਼ ਡਬਲਜ਼ ਵਿੱਚ ਹਰੀਹਰਨ ਅਤੇ ਐੱਮ ਆਰ ਅਰਜੁਨ ਦੀ ਜੋੜੀ ਦਾ ਸਾਹਮਣਾ ਜਪਾਨੀ ਖਿਡਾਰੀਆਂ ਨਾਲ ਹੋਵੇਗਾ। ਮਿਕਸਡ ਡਬਲਜ਼ ਵਿੱਚ ਧਰੁਵ ਕਪਿਲਾ-ਤਨੀਸ਼ਾ ਕ੍ਰਾਸਟੋ ਅਤੇ ਰੋਹਨ ਕਪੂਰ-ਰੁਤਵਿਕਾ ਸ਼ਿਵਾਨੀ ਦੀਆਂ ਜੋੜੀਆਂ ਭਾਰਤ ਦੀ ਨੁਮਾਇੰਦਗੀ ਕਰਨਗੀਆਂ।

