ਦੁਬਈ, 21 ਸਤੰਬਰ
ਕਿੰਗਜ਼ ਇਲੈਵਨ ਪੰਜਾਬ ਦੇ ਖਿਡਾਰੀਆਂ ਨੇ ਦਿੱਲੀ ਕੈਪੀਟਲ ਖਿਲਾਫ਼ ਆਈਪੀਐੱਲ ਦੇ ਮੈਚ ਦੌਰਾਨ ਅਹਿਮ ਸਮੇਂ ’ਤੇ ਮੈਦਾਨੀ ਅੰਪਾਇਰ ਨਿਤਿਨ ਮੈਨਨ ਦੇ ਵਿਵਾਦਿਤ ‘ਸ਼ਾਰਟ ਰਨ’ ਕਾਲ ਖਿਲਾਫ਼ ਅਪੀਲ ਕੀਤੀ ਹੈ, ਜਦੋਂਕਿ ਸਾਬਕਾ ਖਿਡਾਰੀਆਂ ਨੇ ਸਹੀ ਨਤੀਜਿਆਂ ਲਈ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕੀਤੇ ਜਾਣ ਦੀ ਵਕਾਲਤ ਕੀਤੀ ਹੈ। ਮੈਚ ਦੇ ਸੁਪਰ ਓਵਰ ਵਿੱਚ ਜਾਣ ਤੋਂ ਪਹਿਲਾਂ ਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਸਕੁਏਅਰ ਲੈੱਗ ਦੇ ਅੰਪਾਇਰ ਮੈਨਨ ਨੇ 19ਵੇਂ ਓਵਰ ਦੀ ਤੀਜੀ ਗੇਂਦ ’ਤੇ ਕ੍ਰਿਸ ਜੌਰਡਨ ਨੂੰ ‘ਸ਼ਾਰਟ ਰਨ’ ਲਈ ਟੋਕਿਆ ਸੀ। ਟੀਵੀ ਰਿਪਲੇਅ ਵਿੱਚ ਹਾਲਾਂਕਿ ਸਾਫ਼ ਹੈ ਕਿ ਪਹਿਲੀ ਦੌੜ ਪੂਰੀ ਕਰਨ ਮੌਕੇ ਜੌਰਡਨ ਦਾ ਬੱਲਾ ਕਰੀਜ਼ ਦੇ ਅੰਦਰ ਸੀ। ਮੈਨਨ ਨੇ ਕਿਹਾ ਕਿ ਜੌਰਡਨ ਕਰੀਜ਼ ਤੱਕ ਨਹੀਂ ਪੁੱਜਿਆ, ਜਿਸ ਕਰਕੇ ਮਯੰਕ ਅਗਰਵਾਲ ਤੇ ਪੰਜਾਬ ਦੇ ਸਕੋਰ ਵਿੱਚ ਇਕ ਹੀ ਦੌੜ ਜੋੜੀ ਗਈ। ਤਕਨੀਕੀ ਪ੍ਰਮਾਣ ਦੇ ਬਾਵਜੂਦ ਫੈਸਲਾ ਨਹੀਂ ਬਦਲਿਆ ਗਿਆ। ਕਾਬਿਲੇਗੌਰ ਹੈ ਕਿ ਬੀਤੀ ਰਾਤ ਖੇਡਿਆ ਇਹ ਮੁਕਾਬਲਾ ਨਿਰਧਾਰਿਤ ਓਵਰਾਂ ਵਿੱਚ ਟਾਈ ਰਿਹਾ, ਜਿਸ ਮਗਰੋਂ ਜਿੱਤ ਹਾਰ ਦਾ ਫੈਸਲਾ ਸੁਪਰ ਓਵਰ ਰਾਹੀਂ ਹੋਇਆ, ਜਿਸ ਵਿੱਚ ਦਿੱਲੀ ਕੈਪੀਟਲਜ਼ ਦੀ ਟੀਮ ਜੇਤੂ ਰਹੀ। -ਪੀਟੀਆਈ