Kho-Kho Championship: ਪੰਜਾਬ ਦੀਆਂ ਖਿਡਾਰਨਾਂ ਨੇ ਕਾਂਸੀ ਤਗ਼ਮਾ ਜਿੱਤਿਆ
ਟੀਮ ਵਿੱਚ ਸਿਰਫ਼ ਪਟਿਆਲਾ ਜ਼ਿਲ੍ਹੇ ਦੀਆਂ 10 ਖਿਡਾਰਨਾਂ
ਉੜੀਸਾ ਦੇ ਪੁਰੀ ਵਿੱਚ ਹੋਈ ਜੂਨੀਅਰ ਇੰਡੀਆ ਖੋ-ਖੋ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਲੜਕੀਆਂ ਦੀ ਟੀਮ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਤਗ਼ਮਾ ਜਿੱਤਿਆ ਹੈ। ਇਹ ਜਾਣਕਾਰੀ ਭਾਰਤੀ ਖੋ-ਖੋ ਫੈਡਰੇਸ਼ਨ ਦੇ ਜਨਰਲ ਸਕੱਤਰ ਉਪਕਾਰ ਸਿੰਘ ਵਿਰਕ ਨੇ ਦਿੱਤੀ। ਇਸ ਚੈਂਪੀਅਨਸ਼ਿਪ ਵਿੱਚ ਖਿਡਾਰਨਾਂ ਨੂੰ 30 ਹਜ਼ਾਰ ਰੁਪਏ ਦਾ ਨਕਦ ਇਨਾਮ ਵੀ ਮਿਲਿਆ ਹੈ।
ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਚੇ ਤੌਰ ’ਤੇ ਪੋਲੋ ਗਰਾਊਂਡ ਪਹੁੰਚ ਕੇ ਇਨ੍ਹਾਂ ਖਿਡਾਰਨਾਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਇਸ ਟੀਮ ਵਿੱਚ ਪਟਿਆਲਾ ਜ਼ਿਲ੍ਹੇ ਦੀਆਂ 10 ਖਿਡਾਰਨਾਂ ਸ਼ਾਮਲ ਸਨ। ਇਨ੍ਹਾਂ ਖਿਡਾਰਨਾਂ ਨੇ ਜ਼ਿਲ੍ਹੇ ਦਾ ਨਾਮ ਨਾ ਸਿਰਫ਼ ਸੂਬਾ ਪੱਧਰ ’ਤੇ ਬਲਕਿ ਕੌਮੀ ਪੱਧਰ ’ਤੇ ਰੋਸ਼ਨ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ, ਅਮਨਿੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1, ਗੁਰਚੰਦ ਸਿੰਘ, ਸੁਖਦੀਪ ਸਿੰਘ ਕੋਚ, ਵਿਨੋਦ ਕੁਮਾਰ, ਕਮਲਦੀਪ ਸਿੰਘ ਕੋਚ, ਸਲੀਮ ਖ਼ਾਨ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਵੀ ਹਾਜ਼ਰ ਸਨ।

