Junior Women's Asia Cup: ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਦੇ ਫਾਈਨਲ ਵਿੱਚ
ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ; ਸੁਪ੍ਰੀਆ ਦੀ ਹੈਟ੍ਰਿਕ; ਮਧੂ ਅਤੇ ਸੁਖਵੀਰ ਨੇ ਕੀਤੇ ਬਾਕੀ ਦੋ ਗੋਲ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਏ ਐੱਚ ਐੱਫ ਜੂਨੀਅਰ ਏਸ਼ੀਆ ਕੱਪ ਦੇ ਪਹਿਲੇ ਸੈਮੀ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਦੌਰਾਨ ਡਰੈਗ-ਫਲਿੱਕ ਮਾਹਿਰ ਸੁਪ੍ਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ।
ਦੋਵਾਂ ਟੀਮਾਂ ਨੇ ਨਾਕਆਊਟ ਮੁਕਾਬਲੇ ਦੀ ਸ਼ੁਰੂਆਤ ਬਹੁਤ ਧਿਆਨ ਨਾਲ ਕੀਤੀ। ਜਲਦੀ ਹੀ ਭਾਰਤੀ ਟੀਮ ਨੇ ਲੈਅ ਫੜ ਲਈ ਅਤੇ ਮੈਚ ਦੇ 13ਵੇਂ ਮਿੰਟ ਵਿੱਚ ਮਧੂ ਸਿਦਾਰ ਨੇ ਗੋਲ ਕਰ ਕੇ ਭਾਰਤ ਨੂੰ 1-0 ਦੀ ਲੀਡ ਦਿਵਾਈ। ਇਸ ਦਬਾਅ ਸਦਕਾ 17ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਸੁਪ੍ਰੀਆ ਨੇ ਸ਼ਾਨਦਾਰ ਡਰੈਗ-ਫਲਿੱਕ ਰਾਹੀਂ ਗੋਲ ਕਰ ਕੇ ਲੀਡ ਦੁੱਗਣੀ ਕਰ ਦਿੱਤੀ। ਚਾਰ ਮਿੰਟ ਬਾਅਦ 21ਵੇਂ ਮਿੰਟ ਵਿੱਚ ਸੁਖਵੀਰ ਕੌਰ ਨੇ ਇੱਕ ਹੋਰ ਗੋਲ ਕਰ ਕੇ ਸਕੋਰ 3-0 ਕਰ ਦਿੱਤਾ।
ਬਰੇਕ ਮਗਰੋਂ ਵਾਪਸੀ ਕਰਦਿਆਂ ਭਾਰਤ ਨੇ 33ਵੇਂ ਮਿੰਟ ਵਿੱਚ ਮੁੜ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਸੁਪ੍ਰੀਆ ਨੇ ਮੈਚ ਦਾ ਆਪਣਾ ਦੂਜਾ ਗੋਲ ਕਰ ਕੇ ਟੀਮ ਨੂੰ 4-0 ਨਾਲ ਅੱਗੇ ਕਰ ਦਿੱਤਾ। ਦੂਜੇ ਪਾਸੇ, ਲਗਾਤਾਰ ਪੱਛੜ ਰਹੀ ਦੱਖਣੀ ਕੋਰਿਆਈ ਟੀਮ ਨੇ 41ਵੇਂ ਮਿੰਟ ਵਿੱਚ ਯੂਰੀ ਜੀਓਂਗ ਦੇ ਗੋਲ ਰਾਹੀਂ ਸਕੋਰ 4-1 ਕਰ ਕੇ ਵਾਪਸੀ ਦੀ ਉਮੀਦ ਜਗਾਈ ਪਰ ਭਾਰਤੀ ਖਿਡਾਰਨਾਂ ਨੇ ਅਨੁਸ਼ਾਸਨ ਦਿਖਾਉਂਦਿਆਂ ਆਪਣਾ ਡਿਫੈਂਸ ਮਜ਼ਬੂਤ ਰੱਖਿਆ ਅਤੇ ਵਿਰੋਧੀ ਟੀਮ ਨੂੰ ਕੋਈ ਮੌਕਾ ਨਹੀਂ ਦਿੱਤਾ। ਅਖ਼ੀਰ ਮੈਚ ਦੇ 56ਵੇਂ ਮਿੰਟ ਵਿੱਚ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਸੁਪ੍ਰੀਆ ਨੇ ਮੁੜ ਗੋਲ ਕਰ ਕੇ ਹੈਟ੍ਰਿਕ ਪੂਰੀ ਕੀਤੀ ਅਤੇ ਭਾਰਤ ਦੀ 5-1 ਨਾਲ ਸ਼ਾਨਦਾਰ ਜਿੱਤ ਪੱਕੀ ਕਰ ਦਿੱਤੀ। ਹੁਣ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਚੀਨ ਤੇ ਜਪਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ।

