ਕਪਤਾਨ ਅਨਮੋਲ ਏਕਾ ਦੇ ਦੋ ਗੋਲਾਂ ਦੀ ਬਦੌਲਤ ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਖ਼ਰੀ ਸਮੇਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਦੀ ਡਿਫੈਂਸ ਲਾਈਨ ਨੂੰ ਤਹਿਸ-ਨਹਿਸ ਕਰ ਦਿੱਤਾ ਅਤੇ 7-3 ਨਾਲ ਸ਼ਾਨਦਾਰ ਜਿੱਤ ਹਾਸਲ ਕਰ ਕੇ ਏਸ਼ੀਆ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵੱਲ ਮਜ਼ਬੂਤ ਕਦਮ ਵਧਾ ਦਿੱਤੇ ਹਨ।
ਮੁਕਾਬਲਾ ਬਹੁਤ ਸਮੇਂ ਤੱਕ ਕਾਫ਼ੀ ਫਸਵਾਂ ਰਿਹਾ, ਜਿੱਥੇ ਦੱਖਣੀ ਕੋਰੀਆ ਨੇ ਭਾਰਤ ਦਾ ਡੱਟ ਕੇ ਮੁਕਾਬਲਾ ਕੀਤਾ ਪਰ ਮੌਜੂਦਾ ਚੈਂਪੀਅਨ ਭਾਰਤੀ ਟੀਮ ਨੇ ਆਖ਼ਰੀ ਕੁਆਰਟਰ ਵਿੱਚ ਫ਼ੈਸਲਾਕੁਨ ਤਿੰਨ ਗੋਲ ਕਰ ਕੇ ਖੇਡ ਦੀ ਰਫ਼ਤਾਰ ਬਹੁਤ ਵਧਾ ਦਿੱਤੀ। ਇਸ ਜਿੱਤ ਨਾਲ ਤਿੰਨ ਮੈਚਾਂ ਵਿੱਚ ਭਾਰਤ ਦੇ 7 ਅੰਕ ਹੋ ਗਏ ਹਨ, ਜਿਸ ਵਿੱਚ ਦੋ ਜਿੱਤਾਂ ਅਤੇ ਇੱਕ ਡਰਾਅ ਸ਼ਾਮਲ ਹੈ। ਭਾਰਤ ਆਪਣਾ ਆਖ਼ਰੀ ਪੂਲ ਮੈਚ ਬੁੱਧਵਾਰ ਨੂੰ ਚੀਨੀ ਤੈਪਈ ਵਿਰੁੱਧ ਖੇਡੇਗਾ ਅਤੇ ਜਿੱਤ ਹਾਸਲ ਕਰਦਿਆਂ ਹੀ ਉਹ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ। ਅਨਮੋਲ ਨੇ ਇੱਕ ਵਾਰ ਫਿਰ ਭਾਰਤ ਲਈ ਸਭ ਤੋਂ ਵੱਧ ਗੋਲ ਕਰਦਿਆਂ ਦੋ ਵਾਰ ਗੋਲ ਕੀਤੇ ਅਤੇ ਟੂਰਨਾਮੈਂਟ ਵਿੱਚ ਆਪਣੇ ਕੁੱਲ ਗੋਲਾਂ ਦੀ ਗਿਣਤੀ ਅੱਠ ਤੱਕ ਪਹੁੰਚਾ ਦਿੱਤੀ। ਪਹਿਲੇ ਤਿੰਨ ਕੁਆਰਟਰਾਂ ਵਿੱਚ ਮੈਚ ਕਾਫ਼ੀ ਬਰਾਬਰੀ ਦਾ ਰਿਹਾ। ਭਾਰਤ ਨੇ 5ਵੇਂ ਮਿੰਟ ਵਿੱਚ ਹੀ ਲੀਡ ਬਣਾ ਲਈ ਜਦੋਂ ਅਨਮੋਲ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਦੂਜਾ ਕੁਆਰਟਰ ਵੀ ਲਗਪਗ ਅਜਿਹਾ ਹੀ ਰਿਹਾ। ਲਵਨੂਰ ਸਿੰਘ ਨੇ 18ਵੇਂ ਮਿੰਟ ਵਿੱਚ ਫੀਲਡ ਗੋਲ ਕਰ ਕੇ ਭਾਰਤ ਨੂੰ ਮੁੜ ਅੱਗੇ ਕਰ ਦਿੱਤਾ। ਅਜੀਤ ਯਾਦਵ ਨੇ 20ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਦੀ ਇੱਕ ਗੋਲ ਦੀ ਲੀਡ ਨੂੰ ਬਹਾਲ ਕੀਤਾ ਅਤੇ ਅੱਧੇ ਸਮੇਂ ਤੱਕ ਸਕੋਰ 3-2 ਕਰ ਦਿੱਤਾ। ਪ੍ਰਭਦੀਪ ਸਿੰਘ ਨੇ ਤੀਜੇ ਕੁਆਰਟਰ ਦੇ ਅੰਤ ਵਿੱਚ ਸਫਲਤਾ ਹਾਸਲ ਕਰਦਿਆਂ 42ਵੇਂ ਮਿੰਟ ਵਿੱਚ ਭਾਰਤ ਦੀ ਲੀਡ ਨੂੰ 4-3 ਕਰ ਦਿੱਤਾ। ਗੁਰਸੇਵਕ ਸਿੰਘ ਨੇ 55ਵੇਂ ਮਿੰਟ ਵਿੱਚ ਭਾਰਤ ਦੀ ਲੀਡ ਹੋਰ ਵਧਾ ਦਿੱਤੀ, ਜਿਸ ਤੋਂ ਇੱਕ ਮਿੰਟ ਬਾਅਦ ਅਨਮੋਲ ਨੇ ਪੈਨਲਟੀ ਕਾਰਨਰ ਰਾਹੀਂ ਮੁੜ ਗੋਲ ਕਰ ਕੇ ਸਕੋਰ 6-3 ਕਰ ਦਿੱਤਾ। ਉਪਰੰਤ ਆਰੀਅਨ ਜ਼ੈੱਸ ਨੇ 58ਵੇਂ ਮਿੰਟ ਵਿੱਚ ਫ਼ੈਸਲਾਕੁਨ ਗੋਲ ਕੀਤਾ, ਕਿਉਂਕਿ ਭਾਰਤ ਦੇ ਲਗਾਤਾਰ ਦਬਾਅ ਨੇ 7-3 ਦੀ ਜਿੱਤ ਲਈ ਸੱਤਵਾਂ ਗੋਲ ਯਕੀਨੀ ਬਣਾ ਦਿੱਤਾ।
ਜਪਾਨ ਨੂੰ 7-0 ਨਾਲ ਹਰਾ ਕੇ ਭਾਰਤੀ ਕੁੜੀਆਂ ਕੁਆਰਟਰ ਫਾਈਨਲ ’ਚ
ਮੋਕੀ (ਚੀਨ): ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਏਸ਼ੀਆ ਕੱਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਆਪਣੇ ਤੀਜੇ ਇਲੀਟ ਪੂਲ ਮੈਚ ਵਿੱਚ ਜਪਾਨ ਉੱਤੇ 7-0 ਦੀ ਸ਼ਾਨਦਾਰ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਤਿੰਨ ਮੈਚਾਂ ਵਿੱਚ ਨੌਂ ਅੰਕਾਂ ਨਾਲ, ਭਾਰਤ ਇਸ ਸਮੇਂ ਇਲੀਟ ਪੂਲ ਵਿੱਚ ਸਿਖਰ ’ਤੇ ਹੈ। ਉਹ ਬੁੱਧਵਾਰ ਨੂੰ ਆਪਣੇ ਆਖ਼ਰੀ ਪੂਲ ਮੈਚ ਵਿੱਚ ਚੀਨ ਨਾਲ ਭਿੜਨਗੇ, ਜੋ ਕਿ ਪੂਲ ਵਿੱਚ ਸਿਖਰਲੇ ਸਥਾਨ ਦਾ ਫ਼ੈਸਲਾ ਕਰੇਗਾ। ਚੀਨ ਕੋਲ ਇਸ ਸਮੇਂ ਦੋ ਮੈਚਾਂ ਵਿੱਚ ਛੇ ਅੰਕ ਹਨ। -ਪੀਟੀਆਈ

