Junior Asia Cup Hockey: ਕੋਰੀਆ ਨੂੰ 4-1 ਨਾਲ ਹਰਾ ਕੇ ਭਾਰਤ ਬਣਿਆ ਚੈਂਪੀਅਨ
India Wins Junior Asia Cup: ਫਾਈਨਲ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਛੇਵੀਂ ਵਾਰ ਜਿੱਤਿਆ ਖਿਤਾਬ; ਵਿਸ਼ਵ ਕੱਪ ਲਈ ਥਾਂ ਪੱਕੀ ਕੀਤੀ
India Wins Junior Asia: ਚੀਨ ਵਿਚ ਖੇਡੇ ਗਏ ਪੁਰਸ਼ ਹਾਕੀ ਦੇ ਜੂਨੀਅਰ ਏਸ਼ੀਆ ਕੱਪ ਫ਼ਾਈਨਲ ਵਿੱਚ ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਰਿਕਾਰਡ ਛੇਵੀਂ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ ਅਤੇ ਵਿਸ਼ਵ ਕੱਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਬਣਾਇਆ। ਭਾਰਤ ਨੇ ਅਜੀਤ ਯਾਦਵ ਸਦਕਾ 9ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤਾ। ਇਸ ਤੋਂ ਬਾਅਦ ਕਪਤਾਨ ਅਨਮੋਲ ਨੇ 13ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਦੀ ਲੀਡ ਨੂੰ 2-0 ਕਰ ਦਿੱਤਾ। ਮੈਚ ਦੇ 21ਵੇਂ ਮਿੰਟ ਵਿੱਚ ਪ੍ਰਭਦੀਪ ਸਿੰਘ ਨੇ ਸ਼ਾਨਦਾਰ ਸ਼ਾਟ ਮਾਰ ਕੇ ਟੀਮ ਦਾ ਤੀਜਾ ਗੋਲ ਕੀਤਾ ਅਤੇ ਭਾਰਤ ਨੇ ਹਾਫ਼-ਟਾਈਮ ਤੱਕ 3-0 ਦੀ ਲੀਡ ਲਈ।
ਹਰੇਕ ਖਿਡਾਰੀ ਨੂੰ ਮਿਲੇਗੀ ਤਿੰਨ ਲੱਖ ਰੁਪਏ ਦੀ ਇਨਾਮੀ ਰਾਸ਼ੀ
ਮੈਚ ਦੇ ਆਖ਼ਰੀ ਕੁਆਰਟਰ ਵਿੱਚ ਵੀ ਭਾਰਤੀ ਟੀਮ ਦਾ ਹਮਲਾਵਰ ਰੁਖ਼ ਜਾਰੀ ਰਿਹਾ। 50ਵੇਂ ਮਿੰਟ ਵਿੱਚ ਆਸ਼ੂ ਮੌਰਿਆ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 4-0 ਕਰ ਦਿੱਤਾ। ਹਾਲਾਂਕਿ, ਕੋਰੀਆ ਨੇ 54ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਜ਼ਰੀਏ ਆਪਣਾ ਪਹਿਲਾ ਗੋਲ ਕੀਤਾ, ਜਿਸ ਨੂੰ ਕੋਰੀਆਈ ਕਪਤਾਨ ਲੀ ਮਿਨਹਯੋਕ ਨੇ ਗੋਲ ਵਿੱਚ ਤਬਦੀਲ ਕੀਤਾ, ਪਰ ਉਦੋਂ ਤੱਕ ਮੈਚ ਭਾਰਤ ਦੀ ਪਕੜ ਵਿੱਚ ਆ ਚੁੱਕਾ ਸੀ। ਭਾਰਤ ਨੇ ਇਸ ਤੋਂ ਪਹਿਲਾਂ 2004, 2008, 2015, 2023 ਅਤੇ 2024 ਵਿੱਚ ਵੀ ਇਹ ਟਰਾਫੀ ਜਿੱਤੀ ਹੈ। ਟੀਮ ਦੀ ਇਸ ਇਤਿਹਾਸਕ ਪ੍ਰਾਪਤੀ ਤੋਂ ਖੁਸ਼ ਹੋ ਕੇ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਪੋਰਟਸ ਸਟਾਫ਼ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।

