ਇੱਥੇ ਰਾਸ਼ਟਰਮੰਡਲ ਖੇਡਾਂ ਵਿੱਚ ਜੂਡੋ ਖਿਡਾਰਨ ਉੱਨਤੀ ਸ਼ਰਮਾ ਮਹਿਲਾਵਾਂ ਦੇ 63 ਕਿਲੋ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ, ਉਸ ਦਾ ਹਮਵਤਨ ਕਰਨਜੀਤ ਸਿੰਘ ਮਾਨ ਪੁਰਸ਼ਾਂ ਦੇ 90 ਕਿਲੋ ਵਰਗ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਇਸ ਦੇ ਨਾਲ ਹੀ ਹਰਸ਼ ਤੋਕਸ ਪੁਰਸ਼ਾਂ ਦੇ 81 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਹਾਰ ਗਿਆ ਹੈ।
ਉੱਨਤੀ ਨੇ ਆਪਣੇ ਮੁਕਾਬਲੇ ਦੀ ਸ਼ੁਰੂਆਤ ਈਸਵਾਤਿਨੀ ਦੀ ਲਾਮੁਲੇਲਾ ਮਾਗਾਗੁਲਾ ਵਿਰੁੱਧ ਪ੍ਰਭਾਵਸ਼ਾਲੀ ਜਿੱਤ ਨਾਲ ਕੀਤੀ। ਉਸ ਨੇ ਲਗਾਤਾਰ ਦੋ ਵਾਜ਼ਾ-ਅਰੀ ਅੰਕ ਬਣਾਉਣ ਤੋਂ ਬਾਅਦ ਸਿਰਫ 1.39 ਸਕਿੰਟ ਵਿੱਚ ਇੱਪੋਨ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ। ਇਸ ਤੋਂ ਬਾਅਦ ਉਸ ਨੇ ਕੁਆਰਟਰ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਕੋਨਾ ਕ੍ਰਿਸਟੀ ਨੂੰ ਹਰਾਇਆ, ਜਿੱਥੇ ਉਸ ਨੇ ਇੱਕ ਯੂਕੋ ਦਰਜ ਕਰਨ ਤੋਂ ਇਲਾਵਾ ਵਾਜ਼ਾ-ਅਰੀ ਨਾਲ ਜਿੱਤ ਪ੍ਰਾਪਤ ਕਰ ਕੇ ਆਖ਼ਰੀ ਚਹੁੰਆਂ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਪੁਰਸ਼ਾਂ ਦੇ 90 ਕਿਲੋ ਭਾਰ ਵਰਗ ਵਿੱਚ, ਮਾਨ ਨਿਊਜ਼ੀਲੈਂਡ ਦੇ ਇਲੀਅਟ ਕੋਨੋਲੀ ਨੂੰ 3.29 ਮਿੰਟ ਵਿੱਚ ਇਪੋਨ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ। ਉਹ ਆਖ਼ਰੀ 8 ਵਿੱਚ ਕੈਨੇਡਾ ਦੇ ਗਿਲਾਉਮ ਗੌਲਿਨ ਨਾਲ ਭਿੜੇਗਾ। ਹਾਲਾਂਕਿ, ਤੋਕਸ ਦਾ ਸਫ਼ਰ ਪੁਰਸ਼ਾਂ ਦੇ 81 ਕਿਲੋ ਦੇ ਕੁਆਰਟਰ ਫਾਈਨਲ ਵਿੱਚ ਸਮਾਪਤ ਹੋ ਗਿਆ, ਜਿੱਥੇ ਉਸ ਨੂੰ ਸਾਈਪ੍ਰਸ ਦੇ ਓਡੀਸੀਅਸ ਜੌਰਜਾਕਿਸ ਤੋਂ 0-1 ਨਾਲ ਮਾਮੂਲੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਬਰਤਾਨੀਆ ਨਾਲ ਮੁਕਾਬਲਾ ਜਿੱਤ ਲਿਆ ਸੀ। ਤੋਕਸ ਹੁਣ ਰੇਪੇਚੇਜ ਵਿੱਚ ਸਮੋਆ ਦੇ ਪੇਨੀਆਮਿਨਾ ਪਰਸਿਵਲ ਨਾਲ ਮੁਕਾਬਲਾ ਕਰੇਗਾ।

