ਵਿਸ਼ਵ 25ਕੇ ਦੌੜ ਵਿੱਚ ਜੋਸ਼ੂਆ ਚੈਂਪੀਅਨ
ਇੱਥੇ ਕਰਵਾਈ ਗਈ 10ਵੀਂ ਟਾਟਾ ਸਟੀਲ ਵਿਸ਼ਵ 25ਕੇ (25 ਕਿਲੋਮੀਟਰ) ਦੌੜ ਵਿੱਚ ਯੁਗਾਂਡਾ ਦੇ ਜੋਸ਼ੂਆ ਚੈਪਤੇਗੇਈ ਨੇ ਪੁਰਸ਼ ਵਰਗ ਵਿੱਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਦੌੜਾਕਾਂ ਗੁਲਵੀਰ ਸਿੰਘ ਅਤੇ ਸੀਮਾ ਨੇ ਆਪੋ-ਆਪਣੇ ਵਰਗਾਂ ਵਿੱਚ ਨਵਾਂ ਭਾਰਤੀ...
ਇੱਥੇ ਕਰਵਾਈ ਗਈ 10ਵੀਂ ਟਾਟਾ ਸਟੀਲ ਵਿਸ਼ਵ 25ਕੇ (25 ਕਿਲੋਮੀਟਰ) ਦੌੜ ਵਿੱਚ ਯੁਗਾਂਡਾ ਦੇ ਜੋਸ਼ੂਆ ਚੈਪਤੇਗੇਈ ਨੇ ਪੁਰਸ਼ ਵਰਗ ਵਿੱਚ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਦੌੜਾਕਾਂ ਗੁਲਵੀਰ ਸਿੰਘ ਅਤੇ ਸੀਮਾ ਨੇ ਆਪੋ-ਆਪਣੇ ਵਰਗਾਂ ਵਿੱਚ ਨਵਾਂ ਭਾਰਤੀ ਕੋਰਸ ਰਿਕਾਰਡ ਕਾਇਮ ਕੀਤਾ ਹੈ। ਦੋ ਵਾਰ ਦੇ ਓਲੰਪਿਕ ਚੈਂਪੀਅਨ ਚੈਪਤੇਗੇਈ ਨੇ ਸ਼ੁਰੂਆਤ ਤੋਂ ਹੀ ਦੌੜ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਉਸ ਨੇ 1 ਘੰਟਾ 11 ਮਿੰਟ ਅਤੇ 49 ਸੈਕਿੰਡ ਦੇ ਸਮੇਂ ਨਾਲ ਪਹਿਲੀ ਵਾਰ ਇਹ ਵੱਕਾਰੀ ਦੌੜ ਜਿੱਤੀ। ਤਨਜ਼ਾਨੀਆ ਦਾ ਅਲਫੋਂਸੇ ਫੈਲਿਕਸ ਐੱਸ ਦੂਜੇ ਅਤੇ ਲੈਸੋਥੋ ਦਾ ਟੇਬੇਲੋ ਰਾਮਾਕੋਂਗੋਆਨਾ ਤੀਜੇ ਸਥਾਨ ’ਤੇ ਰਿਹਾ। ਮਹਿਲਾ ਵਰਗ ਵਿੱਚ ਇਥੋਪੀਆ ਦੀ ਡੇਗਿਟੂ ਅਜ਼ੀਮੇਰਾ ਨੇ 1 ਘੰਟਾ 19 ਮਿੰਟ 36 ਸੈਕਿੰਡ ਦੇ ਸਮੇਂ ਨਾਲ ਜਿੱਤ ਹਾਸਲ ਕੀਤੀ।
ਭਾਰਤੀ ਵਰਗ ਵਿੱਚ ਗੁਲਵੀਰ ਸਿੰਘ ਨੇ 1 ਘੰਟਾ 12 ਮਿੰਟ 06 ਸੈਕਿੰਡ ਦਾ ਸਮਾਂ ਲੈ ਕੇ ਆਪਣਾ ਹੀ ਪੁਰਾਣਾ ਰਿਕਾਰਡ (1:14:10) ਤੋੜਿਆ। ਉਸ ਨੇ ਇਸ ਵਿੱਚ ਦੋ ਮਿੰਟ ਤੋਂ ਵੱਧ ਦਾ ਸੁਧਾਰ ਕੀਤਾ। ਹਰਮਨਜੋਤ ਸਿੰਘ ਦੂਜੇ ਅਤੇ ਸਾਵਨ ਬਰਵਾਲ ਤੀਜੇ ਨੰਬਰ ’ਤੇ ਰਿਹਾ। ਇਸੇ ਤਰ੍ਹਾਂ ਮਹਿਲਾ ਵਰਗ ਵਿੱਚ ਸੀਮਾ ਨੇ 1:26:04 ਦੇ ਸਮੇਂ ਨਾਲ 2017 ਦਾ ਸੂਰਿਆ ਐੱਲ ਦਾ ਰਿਕਾਰਡ ਤੋੜਦਿਆਂ ਨਵਾਂ ਰਿਕਾਰਡ ਬਣਾਇਆ। ਸੰਜੀਵਨੀ ਜਾਧਵ ਦੂਜੇ ਅਤੇ ਨਿਰਮਬੇਨ ਠਾਕੋਰ ਤੀਜੇ ਸਥਾਨ ’ਤੇ ਰਹੀਆਂ। ਸੀਮਾ ਨੇ ਕਿਹਾ ਕਿ ਹੁਣ ਉਸ ਦਾ ਨਿਸ਼ਾਨਾ ਅਗਲੇ ਸਾਲ ਹੋਣ ਵਾਲੀਆਂ ਏਸ਼ਿਆਈ ਅਤੇ ਰਾਸ਼ਟਰਮੰਡਲ ਖੇਡਾਂ ਲਈ ਕੁਆਲੀਫਾਈ ਕਰਨਾ ਹੈ।

