Jaiswal Fernando Fight: ਕੋਲੰਬੋ ਟੈਸਟ: ਯਸ਼ੱਸਵੀ ਜੈਸਵਾਲ ਅਤੇ ਅਸੀਥਾ ਫਰਨਾਂਡੋ ਦਰਮਿਆਨ ਤਲਖ਼ੀ
ਜੈਸਵਾਲ ਨੂੰ ਫਰਨਾਂਡੋ ਦੇ ਇੰਨਾ ਨੇੜੇ ਨਹੀਂ ਜਾਣਾ ਚਾਹੀਦਾ ਸੀ ਪਰ ਖੇਡ ਵਿਚ ਅਜਿਹਾ ਆਮ ਹੈ: ਭਾਰਤੀ ਕੋਚ
Jaiswal Fernando Fight: ਕੋਲੰਬੋ ਵਿਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਅਤੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਅਸੀਥਾ ਫਰਨਾਂਡੋ ਵਿਚਕਾਰ ਮੈਦਾਨ ਉੱਤੇ ਤਲਖ਼ੀ ਦੇਖਣ ਨੂੰ ਮਿਲੀ। ਮੈਚ ਦੇ 17ਵੇਂ ਓਵਰ ਵਿੱਚ ਜਦੋਂ ਫਰਨਾਂਡੋ ਨੂੰ ਜੈਸਵਾਲ ਨੇ ਲਗਾਤਾਰ ਤਿੰਨ ਚੌਕੇ ਮਾਰੇ ਤੇ ਆਖਰੀ ਗੇਂਦ ਉੱਤੇ ਜੈਸਵਾਲ ਆਊਟ ਹੋ ਗਿਆ। ਇਸ ਤੋਂ ਬਾਅਦ ਦੋਵਾਂ ਖਿਡਾਰੀਆਂ ਵਿੱਚ ਬਹਿਸ ਹੋ ਗਈ ਅਤੇ ਉਹ ਆਹਮੋ-ਸਾਹਮਣੇ ਆ ਗਏ ਜਿਸ ਤੋਂ ਬਾਅਦ ਜੈਸਵਾਲ ਨੇ ਧੱਕਾ ਮਾਰਿਆ ਪਰ ਸ੍ਰੀਲੰਕਾਈ ਕਪਤਾਨ ਡੀ ਸਿਲਵਾ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ।
ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਭਾਰਤੀ ਬੱਲੇਬਾਜ਼ੀ ਕੋਚ ਸਿਧਾਂਸ਼ੂ ਕੋਟਕ ਨੇ ਕਿਹਾ ਕਿ ਗੇਂਦਬਾਜ਼ ਨੇ ਗਰਮੀ ਵਿੱਚ ਕੁਝ ਟਿੱਪਣੀ ਕੀਤੀ ਹੋਵੇਗੀ। ਕੋਟਕ ਨੇ ਮੰਨਿਆ ਕਿ ਜੈਸਵਾਲ ਨੂੰ ਫਰਨਾਂਡੋ ਦੇ ਇੰਨੇ ਨੇੜੇ ਨਹੀਂ ਜਾਣਾ ਚਾਹੀਦਾ ਸੀ ਪਰ ਨਾਲ ਹੀ ਇਹ ਵੀ ਕਿਹਾ ਕਿ ਖੇਡ ਦੇ ਜੋਸ਼ ਵਿੱਚ ਅਜਿਹੀਆਂ ਚੀਜ਼ਾਂ ਹੋ ਜਾਂਦੀਆਂ ਹਨ।
ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 5 ਵਿਕਟਾਂ ਦੇ ਨੁਕਸਾਨ ਉੱਤੇ 300 ਦੁੜਾਂ ਬਣਾ ਲਈਆਂ ਹਨ। ਭਾਰਤ ਨੇ 66 ਦੌੜਾਂ ਉੱਤੇ 2 ਵਿਕਟਾਂ ਗੁਆ ਲਈਆਂ ਸਨ, ਜਿਸ ਤੋਂ ਬਾਅਦ ਦੇਵਦੱਤ ਦੀਆਂ ਸ਼ਾਨਦਾਰ 117 ਦੌੜਾਂ ਅਤੇ ਸ਼ੁਭਮਨ ਗਿੱਲ ਦੀ ਸੰਜਮੀ 50 ਦੌੜਾਂ ਦੀ ਮਦਦ ਨਾਲ ਟੀਮ ਸੰਕਟ ਵਿੱਚੋਂ ਬਾਹਰ ਨਿਕਲੀ। ਪਡੀਕਲ ਅਤੇ ਗਿੱਲ ਨੇ ਤੀਜੇ ਵਿਕਟ ਲਈ 120 ਦੌੜਾਂ ਦੀ ਸਾਂਝੇਦਾਰੀ ਕੀਤੀ।
ਪਡੀਕਲ ਨੇ ਇਸ ਸੀਰੀਜ਼ ਵਿੱਚ ਆਪਣਾ ਦੂਜਾ ਟੈਸਟ ਸੈਂਕੜੇ ਜੜਿਆ। ਰਿਸ਼ਭ ਪੰਤ ਗਿੱਟੇ ਉੱਤੇ ਸੱਟ ਲੱਗਣ ਕਾਰਨ ਰਿਟਾਇਰ ਹਰਟ ਹੋ ਗਏ, ਜਦੋਂ ਕਿ ਰਵਿੰਦਰ ਜਡੇਜਾ ਨੇ 43 ਦੌੜਾਂ ਬਣਾਈਆਂ। ਡੈਬਿਊ ਕਰਨ ਵਾਲੇ ਸਾਰੰਸ਼ ਜੈਨ ਦਿਨ ਦੀ ਖੇਡ ਖ਼ਤਮ ਹੋਣ ਤੱਕ ਨਾਬਾਦ ਰਹੇ। ਬੈਟਿੰਗ ਕੋਚ ਸਿਧਾਂਸ਼ੂ ਕੋਟਕ ਨੇ ਪਡੀਕਲ ਦੇ ਹੌਸਲੇ, ਸੂਝ-ਬੂਝ ਅਤੇ ਤੇਜ਼ ਸਟਰਾਈਕ ਰੇਟ ਦੀ ਤਾਰੀਫ਼ ਕਰਦਿਆਂ ਇਸ ਨੂੰ ਭਾਰਤ ਲਈ ਬਹੁਤ ਵਾਧਾ ਦੱਸਿਆ।

