'ਕਰੋ ਜਾਂ ਮਰੋ' ਦਾ ਮੁਕਾਬਲਾ ਹੈ, ਪੂਰੇ 60 ਮਿੰਟ ਚੰਗੀ ਹਾਕੀ ਖੇਡਣੀ ਪਵੇਗੀ: Harmanpreet Singh
ਸ਼ਨਿੱਚਰਵਾਰ ਨੂੰ ਭਾਰਤ ਅਤੇ ਨੀਂਦਰਲੈਂਡ ਵਿਚਾਲੇ ਹੋਵੇਗਾ ਮੈਚ
ਪੈਰਿਸ ਓਲੰਪਿਕ ਚੈਂਪੀਅਨ ਨੀਦਰਲੈਂਡ ਦੇ ਖ਼ਿਲਾਫ਼ ਸ਼ਨਿੱਚਰਵਾਰ ਨੂੰ ਵਿਸ਼ਵ ਕੱਪ ਦੇ ਦੂਜੇ ਦੌਰ ਦੇ ਮੁਕਾਬਲੇ ਨੂੰ 'ਕਰੋ ਜਾਂ ਮਰੋ' ਦਾ ਦੱਸਦਿਆਂ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਨੂੰ ਇੰਨਾ ਹੀ ਕਿਹਾ ਹੈ ਕਿ ਪੂਰੇ 60 ਮਿੰਟ ਚੰਗੀ ਹਾਕੀ ਖੇਡਣੀ ਪਵੇਗੀ।
ਪੂਲ ਡੀ ਦੇ ਪਹਿਲੇ ਦੌਰ ਵਿੱਚ ਵੇਲਜ਼ ਅਤੇ ਪਾਕਿਸਤਾਨ ਨੂੰ ਹਰਾਉਣ ਵਾਲੀ ਭਾਰਤੀ ਟੀਮ ਇੰਗਲੈਂਡ ਤੋਂ ਹਾਰ ਗਈ ਸੀ ਜਿਸ ਨਾਲ ਦੂਜੇ ਦੌਰ ਵਿੱਚ ਉਸ ਕੋਲ ਇੱਕ ਵੀ ਅੰਕ ਨਹੀਂ ਹੋਵੇਗਾ।
ਇੰਗਲੈਂਡ ਪੂਲ ਡੀ ਵਿੱਚ ਭਾਰਤ ਉੱਤੇ ਮਿਲੀ ਜਿੱਤ ਦੇ ਤਿੰਨ ਅੰਕ ਲੈ ਕੇ ਦੂਜੇ ਦੌਰ ਵਿੱਚ ਉਤਰੇਗੀ ਜਦਕਿ ਪੂਲ ਏ ਤੋਂ ਨੀਦਰਲੈਂਡ ਕੋਲ ਵੀ ਤਿੰਨ ਅੰਕ ਹੈ, ਲਿਹਾਜ਼ਾ ਭਾਰਤ ਨੂੰ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਣਾਈ ਰੱਖਣ ਲਈ ਨੀਦਰਲੈਂਡ ਅਤੇ ਅਰਜਨਟੀਨਾ ਨੂੰ ਹਰਾਉਣਾ ਪਵੇਗਾ।
ਹਰਮਨਪ੍ਰੀਤ ਨੇ 'ਪੀਟੀਆਈ-ਭਾਸ਼ਾ' ਨਾਲ ਗੱਲਬਾਤ ਵਿੱਚ ਕਿਹਾ, "ਇੱਕ ਕੁਆਰਟਰ ਵਿੱਚ ਚੰਗਾ ਖੇਡਣ ਨਾਲ ਨਹੀਂ ਚੱਲੇਗਾ, 60 ਮਿੰਟ ਅਹਿਮ ਹਨ ਅਤੇ ਪੂਰੇ ਮੈਚ ਵਿੱਚ ਚੰਗਾ ਖੇਡਣਾ ਹੈ। ਲੀਡ ਲੈਣ ਤੋਂ ਬਾਅਦ ਵੀ ਸ਼ੈਲੀ ਅਤੇ ਤੇਵਰ ਵਿੱਚ ਬਦਲਾਅ ਨਹੀਂ ਹੋਣਾ ਚਾਹੀਦਾ। ਜਦੋਂ ਤੱਕ ਆਖਰੀ ਸੀਟੀ ਨਹੀਂ ਵੱਜਦੀ ਹੈ ਸਾਡੀ ਬਾਡੀ ਲੈਂਗੁਏਜ ਅਤੇ ਜਜ਼ਬਾ ਇੱਕੋ ਜਿਹਾ ਰਹੇਗਾ।"
ਉਨ੍ਹਾਂ ਕਿਹਾ, "ਅਸੀਂ ਪਿਛਲੇ ਤਿੰਨ ਮੈਚਾਂ ਵਿੱਚ ਆਪਣੀਆਂ ਗਲਤੀਆਂ ਦਾ ਵੀਡੀਓ ਵਿਸ਼ਲੇਸ਼ਣ ਕੀਤਾ ਹੈ ਅਤੇ ਫੋਕਸ ਇਹੀ ਰਹੇਗਾ ਕਿ ਉਨ੍ਹਾਂ ਨੂੰ ਦੁਹਰਾਇਆ ਨਾ ਜਾਵੇ। ਡਿਫੈਂਸ ਮਜ਼ਬੂਤ ਰਹੇਗਾ ਤਾਂ ਸਾਨੂੰ ਪਤਾ ਹੈ ਕਿ ਅਸੀਂ ਵਿਰੋਧੀ ਸਰਕਲ ਵਿੱਚ ਜਾ ਕੇ ਮੌਕੇ ਬਣਾ ਸਕਦੇ ਹਾਂ ਅਤੇ ਪੀ ਸੀ (ਪੈਨਲਟੀ ਕਾਰਨਰ) ਹਾਸਲ ਕਰ ਸਕਦੇ ਹਾਂ। ਆਪਣੀ ਗਲਤੀ ਨਾਲ ਗੋਲ ਨਹੀਂ ਗਵਾਉਣੇ ਹਨ।"
ਐੱਫ ਆਈ ਐੱਚ ਪ੍ਰੋ ਲੀਗ ਵਿੱਚ ਜੂਨ 'ਚ ਭਾਰਤ ਨੇ ਨੀਦਰਲੈਂਡ ਨੂੰ 3-2 ਨਾਲ ਹਰਾਇਆ ਸੀ ਅਤੇ ਹਰਮਨਪ੍ਰੀਤ ਨੇ ਕਿਹਾ ਕਿ ਉਸੇ ਰਣਨੀਤੀ ਅਤੇ ਚਤੁਰਾਈ ਨਾਲ ਖੇਡ ਕੇ ਉਸ ਪ੍ਰਦਰਸ਼ਨ ਨੂੰ ਦੁਹਰਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ, "ਐੱਫ ਆਈ ਐੱਚ ਪ੍ਰੋ ਲੀਗ ਵਿੱਚ ਅਸੀਂ ਗੇਂਦ 'ਤੇ ਕੰਟਰੋਲ ਬਣਾਈ ਰੱਖਿਆ ਸੀ ਅਤੇ ਆਪਣੇ ਹਾਫ ਵਿੱਚ ਉਨ੍ਹਾਂ ਨੂੰ ਗੇਂਦ ਆਸਾਨੀ ਨਾਲ ਨਹੀਂ ਲੈਣ ਦਿੱਤੀ ਸੀ। ਜੇਕਰ ਅਸੀਂ ਉਸੇ ਰਣਨੀਤੀ ਅਤੇ ਊਰਜਾ ਨਾਲ ਚਤੁਰਾਈ ਨਾਲ ਖੇਡ ਸਕੇ ਤਾਂ ਉਸ ਨੂੰ ਦੁਹਰਾ ਸਕਦੇ ਹਾਂ। ਇੱਕ ਟੀਮ ਦੇ ਤੌਰ 'ਤੇ ਅਸੀਂ ਰੋਟੇਸ਼ਨ, ਰਫ਼ਤਾਰ ਅਤੇ ਤਾਲਮੇਲ 'ਤੇ ਧਿਆਨ ਕੇਂਦਰਿਤ ਕਰਾਂਗੇ। ਰਾਜਿੰਦਰ, ਜੁਗਰਾਜ, ਦਿਲਪ੍ਰੀਤ ਵਰਗੇ ਨੌਜਵਾਨ ਖਿਡਾਰੀ ਚੰਗਾ ਖੇਡ ਰਹੇ ਹਨ ਅਤੇ ਹਰ ਲਾਈਨ ਵਿੱਚ ਸਾਡੇ ਕੋਲ ਤਜਰਬੇਕਾਰ ਖਿਡਾਰੀ ਹਨ ਅਤੇ ਇਹ ਸਾਡੇ ਸਾਰਿਆਂ 'ਤੇ ਹੈ ਕਿ ਜ਼ਿੰਮੇਵਾਰੀ ਨਾਲ ਖੇਡ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰੀਏ।"

