ਪਾਕਿ ਹਾਕੀ ਖਿਡਾਰੀਆਂ ਦਾ ਸੜਕ ’ਤੇ ਰਹਿਣਾ ਨਮੋਸ਼ੀਜਨਕ: ਹਸਨ ਸਰਦਾਰ
ਮਹਾਨ ਹਾਕੀ ਖਿਡਾਰੀ ਹਸਨ ਸਰਦਾਰ ਅਤੇ ਸਮੀਉਲ੍ਹਾ ਨੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਵੱਲੋਂ ਹੋਟਲ ਦੇ ਬਿੱਲ ਨਾ ਭਰਨ ਕਾਰਨ ਖਿਡਾਰੀਆਂ ਦੇ ਆਸਟਰੇਲੀਆ ਵਿੱਚ ਕਈ ਘੰਟੇ ਸੜਕ ’ਤੇ ਰਹਿਣ ਦੀ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ...
ਮਹਾਨ ਹਾਕੀ ਖਿਡਾਰੀ ਹਸਨ ਸਰਦਾਰ ਅਤੇ ਸਮੀਉਲ੍ਹਾ ਨੇ ਪਾਕਿਸਤਾਨੀ ਹਾਕੀ ਫੈਡਰੇਸ਼ਨ ਵੱਲੋਂ ਹੋਟਲ ਦੇ ਬਿੱਲ ਨਾ ਭਰਨ ਕਾਰਨ ਖਿਡਾਰੀਆਂ ਦੇ ਆਸਟਰੇਲੀਆ ਵਿੱਚ ਕਈ ਘੰਟੇ ਸੜਕ ’ਤੇ ਰਹਿਣ ਦੀ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਹਾਕੀ ਟੀਮ ਦੇ ਮੈਂਬਰਾਂ ਨੂੰ ਕੈਨਬਰਾ ਪਹੁੰਚਣ ਮਗਰੋਂ ਕਈ ਘੰਟੇ ਸੜਕ ’ਤੇ ਬਿਤਾਉਣੇ ਪਏ ਕਿਉਂਕਿ ਪੈਸਿਆਂ ਦੀ ਘਾਟ ਕਾਰਨ ਪਾਕਿਸਤਾਨ ਹਾਕੀ ਫੈਡਰੇਸ਼ਨ ਹੋਟਲ ਦੇ ਬਿੱਲ ਦੀ ਅਦਾਇਗੀ ਨਹੀਂ ਕਰ ਸਕੀ ਅਤੇ ਹੋਟਲ ਬੁਕਿੰਗ ਰੱਦ ਹੋ ਗਈ।
ਪਾਕਿਸਤਾਨੀ ਟੀਮ ਹੋਬਾਰਟ ਵਿੱਚ ਐੱਫ ਆਈ ਐੱਚ ਪ੍ਰੋ ਲੀਗ ਦੇ ਦੂਜੇ ਗੇੜ ਦੇ ਮੈਚ ਖੇਡਣ ਲਈ ਆਸਟਰੇਲੀਆ ਵਿੱਚ ਹੈ। ਓਲੰਪੀਅਨ ਤੇ ਸਾਬਕਾ ਕਪਤਾਨ ਸਮੀਉਲ੍ਹਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਕੋਲ ਕ੍ਰਿਕਟ ਲਈ ਕਾਫ਼ੀ ਸਮਾਂ ਹੈ, ਪਰ ਉਹ ਪੀ ਐੱਚ ਐੱਫ ਦੇ ਮੁੱਖ ਸਰਪ੍ਰਸਤ ਵੀ ਹਨ ਅਤੇ ਮੈਂ ਉਨ੍ਹਾਂ ਨੂੰ ਅਪੀਲ ਕਰਾਂਗਾ ਕਿ ਹਾਕੀ ਲਈ ਵੀ ਕੁਝ ਕਰੋ। ਇਹ ਸ਼ਰਮਨਾਕ ਹੈ।’’
ਓਲੰਪੀਅਨ ਅਤੇ ਸਾਬਕਾ ਕਪਤਾਨ ਹਸਨ ਸਰਦਾਰ ਨੇ ਕਿਹਾ, ‘‘ਸੋਚੋ ਕਿ ਖਿਡਾਰੀਆਂ ਦਾ ਮਨੋਬਲ ਕਿੰਨਾ ਟੁੱਟਿਆ ਹੋਵੇਗਾ ਅਤੇ ਸਿਖਰਲੀਆਂ ਟੀਮਾਂ ਖ਼ਿਲਾਫ਼ ਮੁਸ਼ਕਲ ਟੂਰਨਾਮੈਂਟ ਤੋਂ ਪਹਿਲਾਂ ਸਹਿਯੋਗੀ ਸਟਾਫ ’ਤੇ ਕੀ ਬੀਤੀ ਹੋਵੇਗੀ। ਸਰਕਾਰ ਨੂੰ ਪੂਰੇ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਟੀਮ ਨੂੰ ਹੋਈ ਇਸ ਸ਼ਰਮਿੰਦਗੀ ਲਈ ਕੌਣ ਜ਼ਿੰਮੇਵਾਰ ਹੈ।’’

