ਆਈ ਪੀ ਐੱਲ ਦੇ ਮੌਜੂਦਾ ਸੀਜ਼ਨ ਦਾ 29ਵਾਂ ਮੈਚ ਐਤਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕੌਮਾਂਤਰੀ ਪੀ ਸੀ ਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਸਟੇਡੀਅਮ ਵਿੱਚ ਇਹ ਸੀਜ਼ਨ ਦਾ ਤੀਜਾ ਮੁਕਾਬਲਾ ਹੈ, ਜਿਸ ਵਿੱਚ ਮੇਜ਼ਬਾਨ ਪੰਜਾਬ ਕਿੰਗਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਸ਼ਾਮ 7.30 ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਲਈ ਖੇਡ ਪ੍ਰੇਮੀਆਂ ਵਿੱਚ ਕਾਫ਼ੀ ਉਤਸ਼ਾਹ ਹੈ। ਤਕਰੀਬਨ 38 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।
ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਅੰਕ ਸੂਚੀ ਵਿੱਚ ਪੰਜਾਬ ਨੌਂ ਅੰਕਾਂ ਨਾਲ ਸਿਖਰ ’ਤੇ ਕਾਬਜ਼ ਹੈ। ਟੀਮ ਨੇ ਕੁੱਲ ਪੰਜ ਮੈਚ ਖੇਡੇ ਹਨ, ਜਿਨ੍ਹਾਂ ’ਚੋਂ ਚਾਰ ਵਿੱਚ ਜਿੱਤ ਹਾਸਲ ਕੀਤੀ ਹੈ; ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਿਸ ਮਗਰੋਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਸੀ। ਲਖਨਊ ਖ਼ਿਲਾਫ਼ ਮੈਚ ਦੌਰਾਨ ਵੀ ਪੰਜਾਬ ਦੀ ਟੀਮ ਮੈਦਾਨ ’ਤੇ ਆਪਣੀ ਬਾਦਸ਼ਾਹਤ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਤਰੇਗੀ।
ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਟੀਮ ਨੇ ਹੁਣ ਤੱਕ ਪੰਜ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਵਿੱਚ ਹੀ ਜਿੱਤ ਨਸੀਬ ਹੋਈ ਹੈ। ਅੱਜ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸਟੇਡੀਅਮ ਵਿੱਚ ਅਭਿਆਸ ਕੀਤਾ ਅਤੇ ਜਿੱਤ ਲਈ ਰਣਨੀਤੀ ਘੜੀ।

