IPL: Playoffs ਲਈ Punjab Kings ਅਤੇ Royal Challengers Bengaluru ਅੱਜ ਆਹਮੋ-ਸਾਹਮਣੇ
ਖ਼ਰਾਬ ਲੈਅ ਨਾਲ ਜੂਝ ਰਹੀ ਪੰਜਾਬ ਦੀ ਟੀਮ ਲਈ ਕਰੋ ਜਾਂ ਮਰੋ ਵਾਲਾ ਮੁਕਾਬਲਾ
ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਵਿੱਚ ਐਤਵਾਰ ਨੂੰ ਰੌਇਲ ਚੈਲੰਜਰਜ਼ ਬੰਗਲੂਰੂ ਦਾ ਮੁਕਾਬਲਾ ਪੰਜਾਬ ਕਿੰਗਜ਼ ਨਾਲ ਹੋਵੇਗਾ। ਬਾਅਦ ਦੁਪਹਿਰ 3.30 ਵਜੇ ਸ਼ੁਰੂ ਹੋਣ ਵਾਲੇ ਇਸ ਮੈਚ ਵਿੱਚ ਬੰਗਲੂਰੂ ਦੀ ਟੀਮ ਪੰਜਾਬ ਦੀ ਕਮਜ਼ੋਰ ਗੇਂਦਬਾਜ਼ੀ ਦਾ ਫ਼ਾਇਦਾ ਉਠਾ ਕੇ ਪਲੇਅਆਫ ਵਿੱਚ ਆਪਣੀ ਥਾਂ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਧਰਮਸ਼ਾਲਾ ਦੇ ਖ਼ੂਬਸੂਰਤ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੁਕਾਬਲੇ ਵਿੱਚ ਸਭ ਦੀਆਂ ਨਜ਼ਰਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ’ਤੇ ਰਹਿਣਗੀਆਂ, ਜੋ ਪਿਛਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਜੜ ਕੇ ਸ਼ਾਨਦਾਰ ਲੈਅ ਵਿੱਚ ਹੈ।
ਮੌਜੂਦਾ ਚੈਂਪੀਅਨ ਬੰਗਲੂਰੂ ਦੀ ਟੀਮ ਨੂੰ ਇਸ ਮੈਚ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਪੰਜਾਬ ਕਿੰਗਜ਼ ਦੀ ਟੀਮ ਲਗਾਤਾਰ ਪੰਜ ਮੈਚ ਹਾਰ ਕੇ ਸੰਕਟ ਵਿੱਚ ਹੈ। ਜੇ ਪੰਜਾਬ ਦੀ ਟੀਮ ਇਹ ਮੈਚ ਹਾਰਦੀ ਹੈ, ਤਾਂ ਉਸ ਲਈ ਪਲੇਅਆਫ ਦੇ ਦਰਵਾਜ਼ੇ ਤਕਰੀਬਨ ਬੰਦ ਹੋ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੂੰ ਇੱਥੇ ਖੇਡੇ ਗਏ ਦੋਵਾਂ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਨੂੰ ਆਪਣੀ ਗੇਂਦਬਾਜ਼ੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਜ਼ੇਵੀਅਰ ਬਾਰਟਲੈੱਟ ਅਤੇ ਮਾਰਕੋ ਜਾਨਸਨ ਕਾਫ਼ੀ ਮਹਿੰਗੇ ਸਾਬਤ ਹੋਏ ਹਨ। ਹਾਲਾਂਕਿ ਪਿਛਲੇ ਮੈਚ ਵਿੱਚ ਅਰਸ਼ਦੀਪ ਸਿੰਘ ਅਤੇ ਅਜ਼ਮਤੁੱਲਾ ਓਮਰਜ਼ਈ ਨੇ ਕਾਫੀ ਪ੍ਰਭਾਵਿਤ ਕੀਤਾ ਸੀ। ਰਾਜਤ ਪਾਟੀਦਾਰ ਦੀ ਅਗਵਾਈ ਹੇਠਲੀ ਬੰਗਲੂਰੂ ਦੀ ਟੀਮ ਇਕਜੁੱਟ ਹੋ ਕੇ ਪ੍ਰਦਰਸ਼ਨ ਕਰ ਰਹੀ ਹੈ।

