ਆਈ ਪੀ ਐੱਲ: ਦਿੱਲੀ ਨੇ ਲਖਨਊ ਨੂੰ ਛੇ ਵਿਕਟਾਂ ਨਾਲ ਹਰਾਇਆ
ਰਿਜ਼ਵੀ ਨੇ ਨਾਬਾਦ 70 ਦੌੜਾਂ ਬਣਾਈਆਂ; ਐੱਨਗਿਡੀ ਅਤੇ ਨਟਰਾਜਨ ਨੇ ਤਿੰਨ-ਤਿੰਨ ਵਿਕਟਾਂ ਲਈਆਂ
ਸਮੀਰ ਰਿਜ਼ਵੀ ਦੇ ਸ਼ਾਨਦਾਰ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਦਿੱਲੀ ਕੈਪੀਟਲਜ਼ ਨੇ ਅੱਜ ਇੱਥੇ ਖੇਡੇ ਗਏ ਆਈ ਪੀ ਐੱਲ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਛੇ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਜਦੋਂ ਚੌਥੇ ਓਵਰ ਵਿੱਚ ਟੀਮ ਦਾ ਸਕੋਰ 21 ਦੌੜਾਂ ’ਤੇ 2 ਵਿਕਟਾਂ ਸੀ, ਤਾਂ ਬੱਲੇਬਾਜ਼ੀ ਕਰਨ ਆਏ ਰਿਜ਼ਵੀ ਨੇ 47 ਗੇਂਦਾਂ ਵਿੱਚ ਨਾਬਾਦ 70 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਵਿੱਚ ਪੰਜ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ, ਜਿਸ ਦੀ ਬਦੌਲਤ ਦਿੱਲੀ ਨੇ 142 ਦੌੜਾਂ ਦਾ ਟੀਚਾ 17 ਗੇਂਦਾਂ ਬਾਕੀ ਰਹਿੰਦਿਆਂ ਹੀ ਹਾਸਲ ਕਰ ਲਿਆ। ਦਿੱਲੀ ਕੈਪੀਟਲਜ਼ ਨੇ 17.1 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 145 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟ੍ਰਿਸਟਨ ਸਟੱਬਸ ਨੇ ਵੀ 32 ਗੇਂਦਾਂ ਵਿੱਚ ਨਾਬਾਦ 39 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ, ਤੇਜ਼ ਗੇਂਦਬਾਜ਼ ਲੁੰਗੀ ਐੱਨਗਿਡੀ ਅਤੇ ਟੀ ਨਟਰਾਜਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਤਿੰਨ-ਤਿੰਨ ਵਿਕਟਾਂ ਝਟਕਾਈਆਂ, ਜਿਸ ਕਾਰਨ ਲਖਨਊ ਦੀ ਪੂਰੀ ਟੀਮ 18.4 ਓਵਰਾਂ ਵਿੱਚ 141 ਦੌੜਾਂ ’ਤੇ ਸਿਮਟ ਗਈ। ਲਖਨਊ ਲਈ ਅਬਦੁਲ ਸਮਦ ਨੇ 36 ਅਤੇ ਮਿਸ਼ੇਲ ਮਾਰਸ਼ ਨੇ 35 ਦੌੜਾਂ ਬਣਾਈਆਂ।

