IPL 2026: Sunrisers Hyderabad ਨੇ ਚੇਨਈ ਨੂੰ 5 ਵਿਕਟਾਂ ਨਾਲ ਹਰਾਇਆ
Sunrisers Hyderabad ਦੀ ਪਲੇਅਆਫ ਵਿੱਚ ਐਂਟਰੀ; Chennai Super Kings ਦੀਆਂ ਮੁਸ਼ਕਿਲਾਂ ਵਧੀਆਂ
ਚੇਨਈ ਦੇ ਸਟੇਡੀਅਮ ਵਿੱਚ ਅੱਜ ਖੇਡੇ ਗਏ ਆਈ.ਪੀ.ਐਲ. ਮੁਕਾਬਲੇ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 180 ਦੌੜਾਂ ਬਣਾਈਆਂ।
ਜਵਾਬ ਵਿੱਚ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 19ਵੇਂ ਓਵਰ ਵਿੱਚ ਹੀ 5 ਵਿਕਟਾਂ ਦੇ ਨੁਕਸਾਨ ਨਾਲ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਇਸ ਸ਼ਾਨਦਾਰ ਜਿੱਤ ਨਾਲ ਹੀ ਹੈਦਰਾਬਾਦ ਦੀ ਟੀਮ ਨੇ ਪਲੇਅਆਫ ਲਈ ਕੁਆਲੀਫਾਈ ਕਰ ਲਿਆ ਹੈ, ਜਦੋਂ ਕਿ ਚੇਨਈ ਸੁਪਰ ਕਿੰਗਜ਼ ਲਈ ਹੁਣ ਟੌਪ-4 ਵਿੱਚ ਜਗ੍ਹਾ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ।
ਚੇਨਈ ਸੁਪਰ ਕਿੰਗਜ਼ ਦੀ ਪਾਰੀ ਦੀ ਸ਼ੁਰੂਆਤ ਬਹੁਤ ਹੀ ਤੇਜ਼ ਰਹੀ। ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਨਦਾਰ ਸ਼ਾਟ ਲਗਾਉਂਦੇ ਹੋਏ ਮਹਿਜ਼ 13 ਗੇਂਦਾਂ ਵਿੱਚ 27 ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਤੋਂ ਬਾਅਦ ਕਾਰਤਿਕ ਸ਼ਰਮਾ ਨੇ ਵੀ ਤੇਜ਼ੀ ਨਾਲ ਬੱਲੇਬਾਜ਼ੀ ਕਰਦਿਆਂ 19 ਗੇਂਦਾਂ 'ਤੇ 32 ਦੌੜਾਂ ਦੀ ਇੱਕ ਹੋਰ ਤੇਜ਼ ਤਰਾਰ ਪਾਰੀ ਖੇਡੀ।
ਮੱਧਕ੍ਰਮ ਵਿੱਚ ਬੱਲੇਬਾਜ਼ੀ ਕਰਨ ਆਏ ਡੇਵਾਡ ਬ੍ਰੇਵਿਸ ਨੇ ਟੀਮ ਦੀ ਪਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਅਤੇ 27 ਗੇਂਦਾਂ ਵਿੱਚ 44 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ। ਅਖੀਰ ਵਿੱਚ ਬੱਲੇਬਾਜ਼ ਸ਼ਿਵਮ ਦੁਬੇ ਨੇ ਵੀ 26 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਬ੍ਰੇਵਿਸ ਅਤੇ ਸ਼ਿਵਮ ਦੁਬੇ ਨੇ ਮਿਲ ਕੇ ਪੰਜਵੀਂ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਸਦਕਾ ਚੇਨਈ ਦੀ ਟੀਮ ਹੈਦਰਾਬਾਦ ਦੇ ਸਾਹਮਣੇ 180 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕਰਨ ਵਿੱਚ ਸਫ਼ਲ ਰਹੀ।

