IPL 2026: ਮੁਸਤਫ਼ਿਜ਼ੁਰ ਰਹਿਮਾਨ ਨੂੰ ਬਾਹਰ ਕੱਢਣ ’ਤੇ ਭਖੀ ਸਿਆਸਤ; ਥਰੂਰ ਅਤੇ ਖੜਗੇ ਨੇ BCCI ਤੇ BJP ਨੂੰ ਘੇਰਿਆ
ਖੇਡਾਂ ਵਿੱਚ ਧਰਮ ਅਤੇ ਰਾਜਨੀਤੀ ਨੂੰ ਮਿਲਾਉਣਾ ਗ਼ਲਤ; ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦੀ ਨੀਅਤ ’ਤੇ ਚੁੱਕੇ ਸਵਾਲ
ਕੋਲਕਾਤਾ ਨਾਈਟ ਰਾਈਡਰਜ਼ (KKR) ਵੱਲੋਂ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫ਼ਿਜ਼ੁਰ ਰਹਿਮਾਨ ਨੂੰ IPL 2026 ਦੇ ਸੀਜ਼ਨ ਤੋਂ ਬਾਹਰ ਕਰਨ ਦੇ ਫੈਸਲੇ ਤੋਂ ਬਾਅਦ ਦੇਸ਼ ਵਿੱਚ ਸਿਆਸੀ ਮਾਹੌਲ ਗਰਮਾ ਗਿਆ ਹੈ। ਕਾਂਗਰਸੀ ਆਗੂ ਸ਼ਸ਼ੀ ਥਰੂਰ ਅਤੇ ਕਰਨਾਟਕ ਦੇ ਮੰਤਰੀ ਪ੍ਰਿਯੰਕ ਖੜਗੇ ਨੇ ਇਸ ਕਦਮ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅਤੇ ਭਾਜਪਾ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ।
ਥਰੂਰ ਨੇ ਸੋਸ਼ਲ ਮੀਡੀਆ ’ਤੇ ਸਵਾਲ ਚੁੱਕਿਆ ਕਿ ਕੀ ਅਸੀਂ ਕਿਸੇ ਖਿਡਾਰੀ ਨੂੰ ਉਸਦੀ ਕੌਮੀਅਤ ਜਾਂ ਧਰਮ ਦੇ ਆਧਾਰ ’ਤੇ ਸਜ਼ਾ ਦੇ ਰਹੇ ਹਾਂ?
ਉਨ੍ਹਾਂ ਕਿਹਾ ਕਿ ਮੁਸਤਫ਼ਿਜ਼ੁਰ ਇੱਕ ਕ੍ਰਿਕਟਰ ਹੈ ਅਤੇ ਉਸਦਾ ਬੰਗਲਾਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਥਰੂਰ ਨੇ ਚੇਤਾਵਨੀ ਦਿੱਤੀ ਕਿ ਗੁਆਂਢੀ ਦੇਸ਼ਾਂ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਵੱਖ-ਥਲੱਗ ਕਰਨਾ ਭਾਰਤ ਦੇ ਲੰਮੇ ਸਮੇਂ ਦੇ ਹਿੱਤਾਂ ਵਿੱਚ ਨਹੀਂ ਹੈ।
ਦੂਜੇ ਪਾਸੇ, ਪ੍ਰਿਯੰਕ ਖੜਗੇ ਨੇ BCCI ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਨਿਯਮ ਬਣਾਉਣੇ ਸਨ ਤਾਂ ਉਹ ਪਹਿਲਾਂ ਹੀ ਸਪੱਸ਼ਟ ਕਿਉਂ ਨਹੀਂ ਕੀਤੇ ਗਏ।
ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਆਪਣੀ ਸਹੂਲਤ ਅਨੁਸਾਰ ਰਾਸ਼ਟਰਵਾਦ ਦਾ ਇਸਤੇਮਾਲ ਕਰਦੀ ਹੈ।
ਖੜਗੇ ਨੇ ਕਿਹਾ ਕਿ ਜਦੋਂ ਲਾਭ ਦੀ ਗੱਲ ਹੁੰਦੀ ਹੈ ਤਾਂ IPL ਦੀਆਂ ਨਿਲਾਮੀਆਂ ਵਿਦੇਸ਼ਾਂ ਵਿੱਚ ਕੀਤੀਆਂ ਜਾਂਦੀਆਂ ਹਨ, ਪਰ ਹੁਣ ਖਿਡਾਰੀਆਂ ਦੇ ਮੁੱਦੇ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸ਼ਾਹਰੁਖ ਖਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਜਪਾ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ।
ਜ਼ਿਕਰਯੋਗ ਹੈ ਕਿ BCCI ਨੇ ‘ਤਾਜ਼ਾ ਘਟਨਾਕ੍ਰਮ’ ਦਾ ਹਵਾਲਾ ਦਿੰਦੇ ਹੋਏ KKR ਨੂੰ ਮੁਸਤਫ਼ਿਜ਼ੁਰ ਨੂੰ ਰਿਲੀਜ਼ ਕਰਨ ਲਈ ਕਿਹਾ ਹੈ, ਜਿਸ ਨੂੰ ਦਸੰਬਰ ਵਿੱਚ 9.20 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ।

