IPL 2026: Gujarat Titans ਨੇ ਰੌਮਾਂਚਕ ਮੁਕਾਬਲੇ ਵਿਚ Delhi Capitals ਨੂੰ ਇਕ ਦੌੜ ਨਾਲ ਹਰਾਇਆ
Gujarat Titans 210 ਦੌਡ਼ਾਂ, Delhi Capitals 209 ਦੌਡ਼ਾਂ
ਇੱਥੇ ਖੇਡੇ ਜਾ ਰਹੇ ਆਈਪੀਐਲ ਦੇ ਮੈਚ ਵਿਚ ਅੱਜ ਗੁਜਰਾਤ ਟਾਈਟਨਜ਼ ਨੇ ਇਕ ਰੌਮਾਂਚਕ ਮੁਕਾਬਲੇ ਵਿਚ ਦਿੱਲੀ ਕੈਪੀਟਲਜ਼ ਨੂੰ ਇਕ ਦੌੜ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ਨਾਲ 210 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਦਿੱਲੀ ਕੈਪੀਟਲ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 209 ਦੌੜਾਂ ਹੀ ਬਣਾ ਸਕੀ।
ਦਿੱਲੀ ਵੱਲੋਂ ਕੇਐੱਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ ਤੇ ਉਹ 92 ਦੌੜਾਂ ਬਣਾ ਕੇ ਆਊਟ ਹੋ ਗਿਆ ਉਸ ਨੂੰ ਮੁਹੰਮਦ ਸਿਰਾਜ ਨੇ ਜੋਸ ਬਟਲਰ ਦੇ ਹੱਥੋਂ ਕੈਚ ਕਰਵਾਇਆ। ਦਿੱਲੀ ਦੀ ਪਾਰੀ ਦੌਰਾਨ ਟ੍ਰਿਸਟਨ ਸਟੱਬਸ ਸਿਰਫ਼ 7 ਦੌੜਾਂ ਬਣਾ ਕੇ ਰਨਆਊਟ ਹੋ ਗਿਆ, ਜਦਕਿ ਰਾਸ਼ਿਦ ਖਾਨ ਨੇ ਵਧੀਆ ਗੇਂਦਬਾਜ਼ੀ ਨਾਲ ਦਿੱਲੀ ਦੇ ਮੱਧਕ੍ਰਮ ਨੂੰ ਝਟਕਾ ਦਿੰਦਿਆਂ ਅਕਸ਼ਰ ਪਟੇਲ ਨੂੰ 2 ਦੌੜਾਂ, ਸਮੀਰ ਰਿਜ਼ਵੀ ਨੂੰ ਜ਼ੀਰੋ ਅਤੇ ਨਿਤੀਸ਼ ਰਾਣਾ ਨੂੰ 5 ਦੌੜਾਂ 'ਤੇ ਪੈਵੇਲੀਅਨ ਭੇਜ ਦਿੱਤਾ। ਪਾਥੁਮ ਨਿਸਾਂਕਾ ਵੀ 41 ਦੌੜਾਂ ਬਣਾ ਕੇ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ 'ਤੇ ਕੈਚ ਆਊਟ ਹੋ ਗਏ, ਜਿਸ ਕਾਰਨ ਦਿੱਲੀ ਦੀ ਟੀਮ ਦਬਾਅ ਵਿੱਚ ਆ ਗਈ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ’ਤੇ 210 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 45 ਗੇਂਦਾਂ 'ਤੇ 70 ਦੌੜਾਂ ਬਣਾਈਆਂ, ਜਦਕਿ ਜੋਸ ਬਟਲਰ ਨੇ ਤੇਜ਼ੀ ਨਾਲ ਖੇਡਦੇ ਹੋਏ 27 ਗੇਂਦਾਂ 'ਤੇ 52 ਅਤੇ ਵਾਸ਼ਿੰਗਟਨ ਸੁੰਦਰ ਨੇ 32 ਗੇਂਦਾਂ 'ਤੇ 55 ਦੌੜਾਂ ਦਾ ਯੋਗਦਾਨ ਦਿੱਤਾ। ਦਿੱਲੀ ਵੱਲੋਂ ਗੇਂਦਬਾਜ਼ੀ ਕਰਦਿਆਂ ਮੁਕੇਸ਼ ਕੁਮਾਰ ਨੇ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਲੁੰਗੀ ਐਨਗਿਡੀ ਅਤੇ ਕੁਲਦੀਪ ਯਾਦਵ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

