ਗੋਰਖਪੁਰ ’ਚ International Cricket Stadium ਬਣੇਗਾ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨੀਂਹ ਪੱਥਰ ਰੱਖਿਆ; 393 ਕਰੋੜ ਦੀ ਲਾਗਤ ਨਾਲ ਹੋਵੇਗਾ ਤਿਆਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਦੇ ਤਾਲ ਨਦੋਰ ਵਿੱਚ 46 ਏਕੜ ਜ਼ਮੀਨ ’ਤੇ 393 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕੌਮਾਂਤਰੀ ਕ੍ਰਿਕਟ ਸਟੇਡੀਅਮ ਦੇ ਪਹਿਲੇ ਪੜਾਅ ਦਾ ਨੀਂਹ ਪੱਥਰ ਰੱਖਿਆ। ਇਸ ਵਿੱਚ 30 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇਸ ਮੌਕੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।
ਮੁੱਖ ਮੰਤਰੀ ਨੇ ਦੇਸ਼ ਵਿੱਚ ਵਧ ਰਹੇ ਖੇਡ ਸੱਭਿਆਚਾਰ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਦਿਆਂ ਕਿਹਾ ਕਿ ਅਹਿਮਦਾਬਾਦ ਵੱਲੋਂ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਅਤੇ ਭਾਰਤ ਵੱਲੋਂ 2036 ਓਲੰਪਿਕ ਖੇਡਾਂ ਲਈ ਪੇਸ਼ ਕੀਤੀ ਦਾਅਵੇਦਾਰੀ ਨਾਲ ਸਥਾਨਕ ਖਿਡਾਰੀਆਂ ਦਾ ਉਤਸ਼ਾਹ ਵਧੇਗਾ। ਸੂਬੇ ਵਿੱਚ ਖੇਡ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦਾ ਜ਼ਿਕਰ ਕਰਦਿਆਂ ਯੋਗੀ ਨੇ ਦੱਸਿਆ ਕਿ ਹਰ ਪਿੰਡ ਵਿੱਚ ਖੇਡ ਮੈਦਾਨ, ਬਲਾਕ ਪੱਧਰ ’ਤੇ ਮਿੰਨੀ ਸਟੇਡੀਅਮ ਅਤੇ ਹਰ ਜ਼ਿਲ੍ਹੇ ਵਿੱਚ ਵੱਡੇ ਸਟੇਡੀਅਮ ਬਣਾਏ ਜਾ ਰਹੇ ਹਨ। ਸੂਬੇ ਦੇ 18 ਪ੍ਰਸ਼ਾਸਨਿਕ ਮੰਡਲਾਂ ਵਿੱਚ ਖੇਡ ਕਾਲਜ ਸਥਾਪਿਤ ਕੀਤੇ ਜਾਣਗੇ। ਮੇਰਠ ਵਿੱਚ ਬਣ ਰਹੀ ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ ਦਾ ਉਦਘਾਟਨ ਵੀ ਚੱਲ ਰਹੇ ਵਿੱਦਿਅਕ ਸੈਸ਼ਨ ਵਿੱਚ ਕੀਤਾ ਜਾਵੇਗਾ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸੂਬੇ ਦੇ 550 ਤਗ਼ਮਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਜਲਦੀ ਹੀ 500 ਹੋਰ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।

